ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹੁਣ ਇਨ੍ਹਾਂ ਦਾ ਹੋਰ ਵਾਧਾ ਹੋਣ ਜਾ ਰਿਹਾ ਹੈ। ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਫੋਰੈਂਸਿਕ ਜਾਂਚ ਲਈ ਚੰਡੀਗੜ੍ਹ ਦੇ ਡੀ.ਜੀ.ਪੀ. ਨੂੰ ਭੇਜੀ ਸੀ, ਉਸ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋਣ ਅਤੇ ਵੀਡੀਓ ਦੇ ‘ਅਸਲੀ’ ਹੋਣ ਦੀ ਪੁਸ਼ਟੀ ਹੋ ਗਈ ਹੈ। ਜਾਂਚ ਲੈਬਾਰਟਰੀ ਦੀ ਰਿਪੋਰਟ ਨਾਲ ਵੀਡੀਓ ਰਾਜ ਭਵਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ। ਰਾਜਪਾਲ ਵਲੋਂ ਮੁੱਖ ਮੰਤਰੀ ਨੂੰ ਇਸ ਨਾਲ ਪੱਤਰ ਵੀ ਲਿਖਿਆ ਗਿਆ ਹੈ ਜਿਸ ‘ਚ ਕਾਰਵਾਈ ਲਈ ਵੀ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਨੈਸ਼ਨਲ ਐੱਸ.ਸੀ. ਕਮਿਸ਼ਨ ਵੀ ਕਾਰਵਾਈ ਲਈ ਲਿਖ ਚੁੱਕਾ ਹੈ। ਹੁਣ ਰਾਜਪਾਲ ਵੱਲੋਂ ਚੁੱਕੇ ਕਦਮ ਤੋਂ ਬਾਅਦ ਸਰਕਾਰ ਨੂੰ ਕੋਈ ਫ਼ੈਸਲਾ ਲੈਣਾ ਪੈਣਾ ਹੈ ਕਿਉਂਕਿ ਸਰਕਾਰ ਹੁਣ ਤੱਕ ਇਸ ਮਾਮਲੇ ‘ਚ ਕਾਰਵਾਈ ਤੋਂ ਪੈਰ ਪਿਛਾਂਹ ਖਿੱਚਦੀ ਨਜ਼ਰ ਆ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ‘ਕਿਸੇ ਦਬਾਅ ਹੇਠ ਨਾ ਹੋਣ’ ਦੀ ਗੱਲ ਦਰਸਾਉਣਾ ਚਾਹੁੰਦੇ ਸਨ ਇਸੇ ਲਈ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਉਹ ਕੋਈ ਕਾਰਵਾਈ ਕਰਨ ਦੇ ਮੂਡ ‘ਚ ਨਹੀਂ ਹਨ। ਕੌਮੀ ਐਸ.ਸੀ. ਕਮਿਸ਼ਨ ਨੇ ਵੀ ਸੂਬੇ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਨੂੰ ਇਸ ਵਿਵਾਦਿਤ ਮਾਮਲੇ ਨਾਲ ਸਬੰਧਤ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਪੀੜਤ ਤੋਂ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਕੇਸ ਦਰਜ ਕਰਨ ਅਤੇ ਕਾਰਵਾਈ ਸਬੰਧੀ 24 ਘੰਟਿਆਂ ‘ਚ ਰਿਪੋਰਟ ਮੰਗੀ ਸੀ। ਕਮਿਸ਼ਨ ਨੇ ਪੀੜਤ ਸ਼ਿਕਾਇਤਕਰਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਆਦੇਸ਼ ਦਿੱਤੇ ਸਨ ਕਿਉਂਕਿ ਪੀੜਤ ਨੇ ਦੋਸ਼ ਲਗਾਇਆ ਸੀ ਕਿ ਮੰਤਰੀ ਕਟਾਰੂਚੱਕ ਵਲੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜਪਾਲ ਵਲੋਂ ਵੀਡੀਓ ਤੇ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ‘ਚ ਹੁਣ ਕਿੰਨੀ ਦੇਰ ਤੱਕ ਕਾਰਵਾਈ ਤੋਂ ਟਾਲਾ ਵੱਟ ਸਕਣਗੇ। ਇਸੇ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਰੋਹਿਤ ਵੱਲੋਂ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਅਜਿਹੇ ਮਾਮਲੇ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣ ਸਕਦੇ ਹਨ। ਮੁੱਖ ਮੰਤਰੀ ਦੇ ਦਫ਼ਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਗਵੰਤ ਮਾਨ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਪੱਤਰਕਾਰ ‘ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਸਗੋਂ ਇਕ ਹੋਰ ਵਿਅਕਤੀ ਖ਼ਿਲਾਫ਼ ਸ਼ਿਕਾਇਤਕਰਤਾ ਔਰਤ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।