ਡਬਲਿਊ.ਟੀ.ਏ. ਟੂਰ 2022 ‘ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ ਫਰਾਂਸ ਦੀ ਕੈਰੋਲੀਨ ਗਾਰਸੀਆ ਨੇ ਸਿਨਸਿਨਾਟੀ ਓਪਨ ਦੇ ਫਾਈਨਲ ‘ਚ ਚੈੱਕ ਗਣਰਾਜ ਦੀ ਪੇਤਰਾ ਕਵੀਤੋਵਾ ਨੂੰ ਹਰਾ ਕੇ ਆਪਣੇ ਕਰੀਅਰ ਦਾ 10ਵਾਂ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਗਾਰਸੀਆ ਨੇ ਫਾਈਨਲ ‘ਚ ਕਵੀਤੋਵਾ ਨੂੰ ਸਿੱਧੇ ਸੈੱਟਾਂ ‘ਚ 6-2, 6-4 ਨਾਲ ਹਰਾਇਆ। ਹਾਰਡ ਕੋਰਟ ਦੀ ਇਸ ਜਿੱਤ ਦੇ ਨਾਲ ਗਾਰਸੀਆ ਨੇ ਇਸ ਸੀਜ਼ਨ ‘ਚ ਆਪਣਾ ਤੀਜਾ ਖ਼ਿਤਾਬ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਉਹ ਬੈਡ ਹੋਮਬਰਗ (ਗ੍ਰਾਸ ਕੋਰਟ) ਅਤੇ ਵਾਰਸਾ (ਕਲੇਅ ਕੋਰਟ) ‘ਚ ਵੀ ਜਿੱਤ ਚੁੱਕੀ ਹੈ। ਗਾਰਸੀਆ ਕੁਆਲੀਫਾਇਰ ਰਾਊਂਡ ਤੋਂ ਜਗ੍ਹਾ ਬਣਾ ਕੇ ਫਾਈਨਲ ‘ਚ ਪਹੁੰਚ ਗਈ ਸੀ। ਇਸ ਜਿੱਤ ਦੇ ਨਾਲ, ਉਹ ਡਬਲਿਊ.ਟੀ.ਏ. 1000 ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਵੀ ਬਣ ਗਈ ਹੈ। ਗਾਰਸੀਆ ਨੇ ਜਿੱਤ ਤੋਂ ਬਾਅਦ ਕਿਹਾ, ‘ਇਹ ਨੀਰੀ ਖੁਸ਼ੀ ਹੈ। ਸਿਰਫ ਖੁਸ਼ੀ। ਹਰ ਜਿੱਤ ਬਹੁਤ ਮਹੱਤਵਪੂਰਨ ਹੁੰਦੀ ਹੈ। ਹਰ ਖ਼ਿਤਾਬ ਬਹੁਤ ਖ਼ਾਸ ਹੁੰਦਾ ਹੈ, ਭਾਵੇਂ ਉਹ ਡਬਲਿਊ.ਟੀ.ਏ. 250 ਹੋਵੇ ਜਾਂ 1000। ਇਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਅਜਿਹਾ ਵਾਰ-ਵਾਰ ਨਹੀਂ ਹੁੰਦਾ ਹੈ, ਇਸ ਲਈ ਤੁਹਾਨੂੰ ਇਸ ਦਾ ਆਨੰਦ ਲੈਣਾ ਹੁੰਦਾ ਹੈ। ਮੈਂ ਟੈਨਿਸ ਦੇ ਇਸ ਸ਼ਾਨਦਾਰ ਹਫ਼ਤੇ ਲਈ ਧੰਨਵਾਦੀ ਹਾਂ। ਇਕ ਹੋਰ ਖ਼ਿਤਾਬ ਜਿੱਤਣਾ ਬਹੁਤ ਖਾਸ ਹੈ।’