ਆਈ.ਪੀ.ਐੱਲ. ਦੇ ਇਕ ਫਸਵੇਂ ਮੁਕਾਬਲੇ ‘ਚ ਪੰਜਾਬ ਕਿੰਗਜ਼ ਨੇ ਦੂਜੀ ਦਰਜ ਕੀਤੀ ਅਤੇ ਰਾਜਸਥਾਨ ਰਾਇਲਜ਼ ਇਸ ਮੈਚ ‘ਚ 5 ਦੌੜਾਂ ਨਾਲ ਹਾਰ ਗਿਆ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੂੰ 198 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ‘ਚ ਰਾਜਸਥਾਨ ਰਾਇਲਜ਼ ਦੀ ਟੀਮ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕੀ ਤੇ 5 ਦੌੜਾਂ ਤੋਂ ਟੀਚੇ ਤੋਂ ਖੁੰਝ ਗਈ। ਖ਼ਰਾਬ ਸ਼ੁਰੂਆਤ ਦੇ ਬਾਵਜੂਦ ਸ਼ਿਮਰੋਨ ਹੈੱਟਮਾਇਰ ਤੇ ਧਰੁਵ ਜ਼ੁਰੇਲ ਦੀਆਂ ਤੂਫ਼ਾਨੀ ਪਾਰੀਆਂ ਨੇ ਮੁਕਾਬਲੇ ‘ਚ ਜਾਨ ਫੂਕੀ। ਪੰਜਾਬ ਦੇ ਗੇਂਦਬਾਜ਼ ਨੇਥਨ ਐਲਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 30 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਰਾਜਸਥਾਨ ਰਾਇਲਜ਼ ਦੀ ਟੀਮ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਸਲਾਮੀ ਬੱਲੇਬਾਜ਼ਾਂ ਪ੍ਰਭਸਿਮਰਨ ਤੇ ਸ਼ਿਖਰ ਧਵਨ ਨੇ ਪੰਜਾਬ ਨੂੰ ਧਮਾਕੇਦਾਰ ਸ਼ੁਰੂਆਤ ਦੁਆਈ ਤੇ ਸ਼ਾਨਦਾਰ ਅਰਧ ਸੈਂਕੜੇ ਜੜੇ। ਕਪਤਾਨ ਸ਼ਿਖਰ ਧਵਨ ਨੇ 56 ਗੇਂਦਾਂ ‘ਚ 3 ਛੱਕੇ ਤੇ 9 ਚੌਕਿਆਂ ਸਦਕਾ 86 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਵਿਰੋਧੀ ਟੀਮ ਮੂਹਰੇ ਇਕ ਵੱਡਾ ਟੀਚਾ ਰੱਖਣ ਦੀ ਨੀਂਹ ਰੱਖੀ। ਪੰਜਾਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ। ਬੱਲੇਬਾਜ਼ਾਂ ਮਗਰੋਂ ਪੰਜਾਬ ਦੇ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦੁਆਈ। ਟੀਚੇ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਦੀ ਟੀਮ ਨੂੰ ਸ਼ੁਰੂਆਤੀ ਓਵਰਾਂ ‘ਚ ਹੀ 3 ਝਟਕੇ ਲੱਗ ਗਏ ਤੇ ਉਸ ਨੇ ਯਸ਼ਸਵੀ ਜੈਸਵਾਲ, ਰਵਿੰਚਦਰਨ ਅਸ਼ਵਿਨ ਤੇ ਜੋਸ ਬਟਲਰ ਦੀ ਵਿਕਟ ਗੁਆ ਦਿੱਤੀ ਹੈ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ 2 ਸ਼ੁਰੂਆਤੀ ਝਟਕੇ ਦਿੱਤੇ। ਮਗਰੋਂ ਨੇਥਨ ਐਲਿਸ ਨੇ ਵੀ 4 ਵਿਕਟਾਂ ਆਪਣੇ ਨਾਂ ਕਰ ਟੀਮ ਨੂੰ ਜਿੱਤ ਦੁਆਉਣ ‘ਚ ਅਹਿਮ ਭੂਮਿਕਾ ਨਿਭਾਈ। ਕਪਤਾਨ ਸੰਜੂ ਸੈਮਸਨ ਦੀ 25 ਗੇਂਦਾਂ ‘ਚ 42 ਦੌੜਾਂ, ਸ਼ਿਮਰੋਨ ਹੈੱਟਮਾਇਰ ਨੇ 18 ਗੇਂਦਾਂ ‘ਚ 36 ਤੇ ਧਰੁਵ ਜ਼ੂਰੇਲ ਨੇ 15 ਗੇਂਦਾਂ ‘ਚ 32 ਦੌੜਾਂ ਦੀ ਅਜੇਤੂ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਰਾਜਸਥਾਨ ਇਹ ਮੁਕਾਬਲਾ ਨਹੀਂ ਜਿੱਤ ਸਕੀ।