ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਬਰਗਾਡ਼ੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ’ਚ ਹੁਣ ਕੋਈ ‘ਐਕਸ਼ਨ’ ਲੈਣਾ ਹੀ ਪਵੇਗਾ ਕਿਉਂਕਿ ਇਸ ਸਬੰਧੀ ਲੱਗੇ ਮੋਰਚੇ ਨੇ ਦਿੱਤੇ ਹੋਏ ਅਲਟੀਮੇਟਮ ਮੁਤਾਬਕ ਸੰਘਰਸ਼ ਵਿੱਢਣ ਲਈ ਰੱਖੇ ਇਕੱਠ ’ਚ ਹਾਕਮ ਧਿਰ ਦੇ ਨੁਮਾਇੰਦੇ 15 ਦਿਨ ਦਾ ਸਮਾਂ ਲੈ ਗਏ ਹਨ। ਬਹਿਬਲ ਕਲਾਂ ’ਚ ਪੰਥਕ ਜਥੇਬੰਦੀਆਂ ਦੇ ਹੋਏ ਇਕੱਠ ਦੌਰਾਨ ਆਗੂਆਂ ਨੇ 2015 ’ਚ ਵਾਪਰੇ ਬਰਗਾਡ਼ੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਨਿਆਂ ਦੇਣ ’ਚ ਹੋਈ ਦੇਰੀ ਲਈ ਸਰਕਾਰ ਨੂੰ ਕੋਸਿਆ। ਉਨ੍ਹਾਂ ਦੋਸ਼ ਲਾਇਆ ਕਿ ਹਕੂਮਤ ਇਨਸਾਫ਼ ਦੇਣ ਪ੍ਰਤੀ ਸੰਜੀਦਾ ਨਹੀਂ ਹੈ। ਇਸ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਰਚੇ ਦੇ ਪ੍ਰਤੀਨਿਧਾਂ ਤੋਂ ਕੁਝ ਕਾਨੂੰਨੀ ਅਡ਼ਚਣਾਂ ਦੂਰ ਕਰਨ ਲਈ ਸਮਾਂ ਮੰਗਿਆ, ਜਿਸ ਮਗਰੋਂ ਪ੍ਰਤੀਨਿਧਾਂ ਨੇ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੰਦਿਆਂ 16 ਅਗਸਤ ਤੋਂ ਸੰਘਰਸ਼ ਦੀ ਨਵੀਂ ਦਿਸ਼ਾ ਵਿਉਂਤਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿੱਖ ਸੰਗਤ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾਡ਼ੇ ਵਾਲੇ ਦਿਨ ਆਪੋ-ਆਪਣੇ ਘਰਾਂ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਆਜ਼ਾਦੀ ਦਿਹਾਡ਼ੇ ਮੌਕੇ ‘ਹਰ ਘਰ ਤਿਰੰਗਾ’ ਲਹਿਰਾਉਣ ਦਾ ਸੱਦਾ ਦਿੱਤਾ ਹੈ। ਪੰਥਕ ਆਗੂਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਪਰ ਸਰਕਾਰਾਂ ਇਸ ਵਿਸ਼ੇ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਨੇ ਵੀ ਹੋਂਦ ’ਚ ਆਉਣ ਤੋਂ ਪਹਿਲਾਂ ਨਿਆਂ ਦੇਣ ਦੀ ਗੱਲ ਆਖੀ ਸੀ ਪਰ ਹਾਲੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ। ਇਕੱਠ ਨੂੰ ਸੁਖਰਾਜ ਸਿੰਘ ਨਿਆਮੀਵਾਲਾ, ਈਮਾਨ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਜਿੰਦਰ ਸਿੰਘ ਮਾਝੀ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।