ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਸਿਰਸਾ ਦੇ ਪ੍ਰੇਮੀ ਪਰਦੀਪ ਸਿੰਘ ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਡੇਰਾ ਪ੍ਰੇਮੀ ਪਰਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਪਰਦੀਪ ਬਰਗਾੜੀ ਬੇਅਦਬੀ ਮਾਮਲੇ ‘ਚ ਐੱਫ.ਆਈ.ਆਰ. ਨੰਬਰ 63 ‘ਚ ਨਾਮਜ਼ਦ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਜ ਸਵੇਰੇ ਪਰਦੀਪ ਆਪਣੀ ਦੁਕਾਨ ਖੋਲ੍ਹਣ ਲਈ ਪਹੁੰਚਿਆ ਤਾਂ ਉਸ ਦੇ ਨਾਲ ਉਸ ਨੂੰ ਦਿੱਤੇ ਗਏ ਦੋ ਸੁਰੱਖਿਆ ਕਰਮੀ ਵੀ ਮੌਜੂਦ ਸਨ। ਜਿਵੇਂ ਹੀ ਉਹ ਦੁਕਾਨ ਖੋਲ੍ਹਣ ਲੱਗਾ ਤਾਂ ਇਕ ਗੰਨਮੈਨ ਵਾਸ਼ਰੂਮ ਚਲਾ ਗਿਆ ਅਤੇ ਇੰਨੇ ਨੂੰ ਦੋ ਮੋਟਰ ਸਾਈਕਲਾਂ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨਾਂ ਨੇ ਪਰਦੀਪ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਪਰਦੀਪ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਨਮੈਨ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ। ਉਧਰ ਹਸਪਤਾਲ ‘ਚ ਜ਼ੇਰੇ ਇਲਾਜ ਗੰਨਮੈਨ ਨੇ ਦੱਸਿਆ ਕਿ ਮੋਟਰ ਸਾਈਕਲ ਪਹਿਲਾਂ ਦੁਕਾਨ ਤੋਂ ਅੱਗੇ ਲੰਘੇ ਅਤੇ ਫਿਰ ਵਾਪਸ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਪਰਦੀਪ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ ਅਤੇ ਉਹ ਜ਼ਖਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਮਗਰੋਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸੇ ਦੌਰਾਨ ਕੋਟਕਪੂਰਾ ‘ਚ ਡੇਰਾ ਸਮਰਥਕ ਪਰਦੀਪ ਸਿੰਘ ਦੇ ਕਤਲ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲੀਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮੌਕੇ ‘ਤੇ ਨਾ ਤਾਂ ਇਸ ਦਾਅਵੇ ਤੋਂ ਇਨਕਾਰ ਕਰ ਸਕਦੇ ਹਨ ਅਤੇ ਨਾ ਹੀ ਪੁਸ਼ਟੀ ਕਰ ਸਕਦੇ ਹਨ। ਪੰਜਾਬ ‘ਚ 2015 ਦੇ ਬੇਅਦਬੀ ਮਾਮਲੇ ‘ਚ ਹੁਣ ਤਕ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ। ਫਰੀਦਕੋਟ ‘ਚ ਵੀਰਵਾਰ ਸਵੇਰੇ ਦੋਸ਼ੀ ਡੇਰਾ ਸੱਚਾ ਸੌਦਾ ਪ੍ਰੇਮੀ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 13 ਜੂਨ 2016 ਨੂੰ ਗੁਰਦੇਵ ਸਿੰਘ ਦਾ 25 ਫਰਵਰੀ 2017 ਨੂੰ ਖੰਨਾ ਦੇ ਪਿੰਡ ਜਗੇੜਾ ‘ਚ ਸਤਪਾਲ ਸ਼ਰਮਾ ਤੇ ਉਸ ਦੇ ਪੁੱਤਰ ਰਮੇਸ਼ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ। 23 ਜਨਵਰੀ 2019 ਨੂੰ ਨਾਭਾ ਜੇਲ੍ਹ ‘ਚ ਬੰਦ ਕੋਟਕਪੂਰਾ ਦੇ ਹੀ ਮਹਿੰਦਰ ਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਸੀ। 20 ਜਨਵਰੀ 2020 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈ ‘ਚ ਮਨੋਹਰ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ‘ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ‘ਚ ਚਰਨ ਦਾਸ ਦਾ ਕਤਲ ਕਰ ਦਿੱਤਾ ਗਿਆ ਸੀ।