ਬਰਗਾੜੀ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਸੁਣਵਾਈ ਫਰੀਦਕੋਟ ਅਦਾਲਤ ਦੀ ਥਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ੁਰੂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਡੇਰਾ ਪ੍ਰੇਮੀ ਸੰਨੀ ਵਗੈਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਸ ਦੀ ਮਨਜ਼ੂਰੀ ਬੀਤੇ ਕੱਲ੍ਹ ਦਿੱਤੀ ਜਿਸ ਮਗਰੋਂ ਪੀੜਤ ਪਰਿਵਾਰ, ਇਨਸਾਫ਼ ਮੋਰਚੇ ਤੇ ਸਿੱਖ ਜਥੇਬੰਦੀਆਂ ‘ਚ ਨਿਰਾਸ਼ਾ ਦਾ ਆਲਮ ਹੈ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਇਸ ਦਾ ਸਵਾਗਤ ਕੀਤਾ ਹੈ। ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿਖਰਲੀ ਅਦਾਲਤ ਦੇ ਉਕਤ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਢਾਹ ਲਾਈ ਹੈ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਜਬਰ-ਜਨਾਹ ਮਾਮਲੇ ‘ਚ ਕੈਦ ਕੱਟ ਰਹੇ ਡੇਰਾ ਸਿਰਸਾ ਮੁਖੀ ਨੂੰ ਜ਼ਮਾਨਤ ਮਿਲਣ ਨਾਲ ਸਿੱਖ ਕੌਮ ਨੂੰ ਧੱਕਾ ਲੱਗਿਆ ਸੀ, ਉਸੇ ਤਰ੍ਹਾਂ ਬੇਅਬਦੀ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਹੋਣ ਨਾਲ ਸਿੱਖਾਂ ਦੇ ਸਵੈ-ਅਭਿਆਨ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਦਾਲਤ ‘ਚ ਕੇਸ ਤਬਦੀਲ ਹੋਣ ਕਾਰਨ ਕਈ ਸਿੱਖ ਪੀੜਤਾਂ ਨੂੰ ਆਪਣੀ ਗੱਲ ਅਦਾਲਤ ‘ਚ ਰੱਖਣ ‘ਚ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਦੀ ਸੁਣਵਾਈ ਜੇਕਰ ਪੰਜਾਬ ‘ਚ ਹੁੰਦੀ ਤਾਂ ਚੰਗਾ ਹੁੰਦਾ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਅਦਾਲਤ ਨੇ ਉਕਤ ਫ਼ੈਸਲੇ ਦਾ ਸਵਾਗਤ ਕੀਤਾ ਹੈ। ਡੇਰਾ ਸਿਰਸਾ ਦੇ ਆਗੂ ਕੇਵਲ ਬਰਾੜ ਨੇ ਦੱਸਿਆ ਕਿ ਪੰਜਾਬ ਅੰਦਰ ਡੇਰਾ ਪ੍ਰੇਮੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੀ ਜੂਨ 2019 ‘ਚ ਨਾਭਾ ਜੇਲ੍ਹ ਅੰਦਰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆਂ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਤਿਆਵਾਂ ਤੋਂ ਬਾਅਦ ਡੇਰਾ ਪ੍ਰੇਮੀਆਂ ਅੰਦਰ ਭੈਅ ਦਾ ਮਾਹੌਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਡੇਰਾ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਕਾਨੂੰਨ ‘ਚ ਪੂਰਾ ਭਰੋਸਾ ਰੱਖਦੇ ਹਨ ਤੇ ਇਸੇ ਭਰੋਸੇ ਤਹਿਤ ਕਾਨੂੰਨੀ ਲੜਾਈ ਲੜ ਰਹੇ ਹਨ।