ਬੇਕਾਬੂ ਕਾਰ ਦੱਖਣੀ ਨਾਈਜੀਰੀਆ ਦੇ ‘ਸਟ੍ਰੀਟ ਪਾਰਟੀ’ ਵਿੱਚ ਪਹੁੰਚੇ ਲੋਕਾਂ ਨਾਲ ਟਕਰਾ ਗਈ ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਦੀ ਫੈਡਰਲ ਰੋਡ ਸੇਫਟੀ ਕੋਰ ਮੁਤਾਬਕ ਰਿਵਰ ਦੀ ਰਾਜਧਾਨੀ ਕੈਲਾਬਾਰ ‘ਚ ਲੋਕ ਬਾਈਕਰਸ ਪਰੇਡ ਦੇਖਣ ਲਈ ਇਕੱਠੇ ਹੋਏ ਸਨ, ਉਦੋਂ ਸੜਕ ‘ਤੇ ਇਕ ਡਰਾਈਵਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਉਹ ਭੀੜ ਨਾਲ ਜਾ ਟਕਰਾਈ। ਇਸ ਬਾਈਕਰਸ ਸ਼ੋਅ ਨੂੰ ਅਫਰੀਕਾ ਦੀ ਸਭ ਤੋਂ ਵੱਡੀ ਸਟ੍ਰੀਟ ਪਾਰਟੀ ਵਿਚੋਂ ਇਕ ਮੰਨਿਆ ਜਾਂਦਾ ਹੈ। ਸੜਕ ਸੁਰੱਖਿਆ ਕੋਰ ਦੇ ਮੁਖੀ ਹਸਨ ਅਬਦੁੱਲਾਹੀ ਮਾਯਕਾਨੋ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ। ਉਨ੍ਹਾਂ ਕਿਹਾ, ‘ਕਾਰ ਬੇਕਾਬੂ ਹੋ ਕੇ ਭੀੜ ਨਾਲ ਟਕਰਾ ਗਈ। ਕੁੱਲ 36 ਲੋਕ ਉਸ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਵਿੱਚੋਂ 7 ਦੀ ਮੌਤ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ।’ ਮਾਯਕਾਨੋ ਨੇ ਦੱਸਿਆ ਕਿ ਜ਼ਖ਼ਮੀਆਂ ‘ਚ 5 ਬੱਚੇ ਅਤੇ ਕਾਰ ਦਾ ਡਰਾਈਵਰ ਵੀ ਸ਼ਾਮਲ ਹੈ। ਕਰਾਸ ਰਿਵਰ ਦੇ ਗਵਰਨਰ ਬੇਨ ਆਇਡੇ ਨੇ ਪਰੇਡ ਨੂੰ ਰੱਦ ਕਰਨ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਗਵਰਨਰ ਦੇ ਬੁਲਾਰੇ ਕ੍ਰਿਸ਼ਚੀਅਨ ਇਟਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਖ਼ਮੀ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ।