ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਨੀਤੂ ਘਾਂਘਸ ਤੋਂ ਬਾਅਦ ਹੁਣ ਸਵੀਟੀ ਬੂਰਾ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਸਵੀਟੀ ਬੂਰਾ ਨੇ 81 ਕਿਲੋ ਭਾਰ ਵਰਗ ‘ਚ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਫਾਈਨਲ ਮੁਕਾਬਲੇ ‘ਚ ਚੀਨ ਦੀ ਵਾਂਗ ਲੀਨਾ ਨੂੰ ਹਰਾਇਆ। ਇਸ ਤਰ੍ਹਾਂ ਇੰਡੀਆ ਲਈ ਇਹ ਦਿਨ ਦਾ ਦੂਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਨੀਤੂ ਘੰਘਾਸ ਨੇ ਮੰਗੋਲੀਆਈ ਮੁੱਕੇਬਾਜ਼ ਨੂੰ ਹਰਾ ਕੇ ਇੰਡੀਆ ਲਈ ਦਿਨ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ। ਹੁਣ ਸਵੀਟੀ ਬੂਰਾ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਦੂਜਾ ਸੋਨ ਤਗ਼ਮਾ ਇੰਡੀਆ ਦੀ ਝੋਲੀ ‘ਚ ਪਾ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਨੀਤੂ ਘੰਘਾਸ (48 ਕਿਲੋਗ੍ਰਾਮ) ਨੇ ਸ਼ਨੀਵਾਰ ਨੂੰ ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ‘ਚ ਮੰਗੋਲੀਆ ਦੀ ਲੁਤਸਾਈਖਾਨ ਅਲਤਾਨਸੇਤਸੇਗ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਘੱਟੋ-ਘੱਟ ਭਾਰ ਵਰਗ ‘ਚ ਅਲਟਾਨਸੇਟਸੇਗ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਨੀਤੂ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਜਿੱਤ ਲਈ ਆਪਣੇ ਪੰਚਾਂ ਦੀ ਚੰਗੀ ਵਰਤੋਂ ਕੀਤੀ। ਇਸ ਜਿੱਤ ਨਾਲ 2022 ਟ੍ਰਾਂਜਾ ਮੈਮੋਰੀਅਲ ‘ਚ ਸੋਨ ਤਗ਼ਮਾ ਜਿੱਤਣ ਵਾਲੀ ਨੀਤੂ ਵਿਸ਼ਵ ਚੈਂਪੀਅਨ ਖਿਤਾਬ ਜਿੱਤਣ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼ ਬਣ ਗਈ। 6 ਵਾਰ ਦੀ ਚੈਂਪੀਅਨ ਐਮਸੀ ਮੈਰੀਕਾਮ (2002, 2005, 2006, 2008, 2010 ਅਤੇ 2018), ਸਰਿਤਾ ਦੇਵੀ (2006), ਜੈਨੀ ਆਰਐਲ (2006), ਲੇਖਾ ਕੇਸੀ (2006) ਅਤੇ ਨਿਖਤ ਜ਼ਰੀਨ (2022) ਹੋਰ ਮੁੱਕੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਖਿਤਾਬ ਜਿੱਤੇ।