ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੰਗਾ ਤੋਂ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਅਕਾਲੀ-ਬਸਪਾ ਗਠਜੋੜ ਨੇ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਦ ਸਿੰਘ ਬਾਦਲ ਨੇ ਬਸਪਾ ਆਗੂਆਂ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕਾਫੀ ਮੀਟਿੰਗਾਂ ਦਾ ਦੌਰਾ ਚੱਲਿਆ। ਕਈ ਦਿਨ ਤੱਕ ਉਮੀਦਵਾਰ ਨੂੰ ਲੈ ਕੇ ਸ਼ਸ਼ੋਪੰਜ ਵੀ ਰਿਹਾ। ਕਦੇ ਉਮੀਦਵਾਰ ਬਸਪਾ ਦੇ ਖਾਤੇ ‘ਚੋਂ, ਕਦੇ ਅਕਾਲੀ ਦਲ ਦੇ ਖਾਤੇ ‘ਚੋਂ ਹੋਣ ਦੀ ਚਰਚਾ ਵੀ ਚੱਲਦੀ ਰਹੀ। ਅਖੀਰ ਇਹ ਸੀਟ ਅਕਾਲੀ ਦਲ ਦੀ ਝੋਲੀ ਪੈਣ ‘ਤੇ ਪਵਨ ਕੁਮਾਰ ਟੀਨੂੰ ਅਤੇ ਸਰਵਣ ਸਿੰਘ ਫਿਲੌਰ ਦੇ ਨਾਂ ਵੀ ਚੱਲਦੇ ਰਹੇ। ਪਰ ਅੱਜ ਇਹ ਚਰਚਾਵਾਂ ਰੁਕ ਗਈਆਂ ਅਤੇ ਡਾ. ਸੁੱਖੀ ਨੂੰ ਗਠਜੋੜ ਨੇ ਸਾਂਝਾ ਉਮੀਦਵਾਰ ਐਲਾਨ ਦਿੱਤਾ। ਉਮੀਦਵਾਰ ਦਾ ਐਲਾਨ ਜਲੰਧਰ ਵਿਖੇ ਅਕਾਲੀ ਦਲ-ਬਸਪਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਮਿਲ ਕੇ ਵਿਚਾਰ-ਵਟਾਂਦਰਾਂ ਕਰਕੇ ਸੁਖਵਿੰਦਰ ਸੁੱਖੀ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਆਖਿਆ ਕਿ ਇਹ ਦੇਸ਼ ਸਾਰੇ ਧਰਮਾਂ ਦਾ ਹੈ, ਇਸ ਲਈ ਅਕਾਲੀ ਦਲ ਤੇ ਬਸਪਾ ਦੀ ਸੋਚ ਹੈ ਕਿ ਦੇਸ਼ ਨੂੰ ਇਕੱਠਾ ਰੱਖਣ ਵਾਸਤੇ ਸਾਰੇ ਲੋਕਾਂ ਨੂੰ ਇਕਜੁੱਟ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਜੋੜਨ ‘ਤੇ ਲੱਗੇ ਹੋਏ ਹਾਂ ਪਰ ਕਈ ਪਾਰਟੀਆਂ ਸਭ ਤੋੜ ਕੇ ਇਕ ਸੈਕਸ਼ਨ ਦੀਆਂ ਵੋਟਾਂ ਲੈਣ ਲਈ ਲੱਗੀਆਂ ਹੋਈਆਂ ਹਨ। ਇਸ ਲਈ ਅੱਜ ਸੁਖਵਿੰਦਰ ਸੁੱਖੀ ਨੂੰ ਅਕਾਲੀ-ਬਸਪਾ ਦੇ ਸਾਂਝਾ ਉਮੀਦਵਾਰ ਐਲਾਨ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਅਤੇ ਅਸੀਂ ਜਲਦ ਹੀ ਚੋਣ ਪ੍ਰਚਾਰ ਸ਼ੁਰੂ ਕਰਾਂਗੇ। ਸੁਖਬੀਰ ਬਾਦਲ ਨੇ ਆਖਿਆ ਕਿ ਮੈਨੂੰ ਪੂਰੀ ਆਸ ਹੈ ਕਿ ਦੋਵਾਂ ਪਾਰਟੀਆਂ ਦੇ ਸਮੁੱਚੇ ਵਰਕਰ ਦਿਨ-ਰਾਤ ਮਿਹਨਤ ਕਰਕੇ ਇਸ ਹਲਕੇ ‘ਚੋਂ ਜਿੱਤ ਹਾਸਲ ਕਰਨਗੇ। ਇਸ ਮੌਕੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਬਲਦੇਵ ਸਿੰਘ ਖਹਿਰਾ, ਪਵਨ ਕੁਮਾਰ ਟੀਨੂੰ ਅਤੇ ਸਮੁੱਚੀ ਅਕਾਲੀ-ਬਸਪਾ ਲੀਡਰਸ਼ਿਪ ਮੌਜੂਦ ਰਹੀ।