ਸਰੀ ਵਿਖੇ ਗੈਂਗ ਨਾਲ ਸਬੰਧਤ ਗਤੀਵਿਧੀਆਂ ਵਧਣ ਅਤੇ ਸਰੀ ਦੇ ਤਮਨਾਵਿਸ ਸੈਕੰਡਰੀ ਸਕੂਲ ‘ਚ 22 ਨਵੰਬਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ, ਜਿਸ ‘ਚ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਕਤਲ ਕਰ ਦਿੱਤਾ ਗਿਆ ਸੀ, ਤੋਂ ਬਾਅਦ ਸਰੀ ਦੇ ਲੋਕਲ ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਦਰਜਨਾਂ ਵਾਲੰਟੀਅਰ ਸਕੂਲ ਦੇ ਬਾਹਰ ਵਾਰੋ-ਵਾਰੀ ਠੀਕਰੀ ਪਹਿਰੇ ਲਗਾ ਰਹੇ ਹਨ। ਇਨ੍ਹਾਂ ਦੇ ਠੀਕਰੀ ਪਹਿਰੇ ਲਗਾਉਣ ਦਾ ਮਕਸਦ ਸਕੂਲ ‘ਚ ਗੈਂਗ ਸਬੰਧਤ ਗਤੀਵਿਧੀਆਂ ‘ਤੇ ਨਜ਼ਰ ਰੱਖਣੀ, ਨਸ਼ਿਆਂ ਅਤੇ ਬੱਚਿਆਂ ਨਾਲ ਅਣਸੁਖਾਵੀਂਆਂ ਘਟਨਾਵਾਂ ਵਾਪਰਨ ਤੋਂ ਰੋਕਣਾ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਤਕਰੀਬਨ 40 ਦੇ ਕਰੀਬ ਵਾਲੰਟੀਅਰ ਪੇਰੈਂਟਸ ਸਕੂਲ ਵਾਚ ਤਹਿਤ ਵਾਰੋ ਵਾਰੀ ਸਕੂਲ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਵਾਲੰਟੀਅਰਜ਼ ਦਾ ਕਹਿਣਾ ਹੈ ਕਿ ਪੁਲੀਸ ਅਤੇ ਪ੍ਰਸ਼ਾਸਨ ਬੱਚਿਆਂ ਦੀ ਹਿਫਾਜ਼ਤ ਕਰਨ ‘ਚ ਨਾਕਾਮ ਸਾਬਤ ਹੋ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪੀਲ ਰੀਜ਼ਨ ਦੇ ਸਕੂਲਾਂ ‘ਚ ਵੀ ਪੁਲੀਸ ਅਫਸਰਾਂ ਦੀ ਵਾਪਸੀ ਦਾ ਮੁੱਦਾ ਮਾਪਿਆਂ ਵੱਲੋਂ ਚੁੱਕਿਆ ਜਾ ਰਿਹਾ ਹੈ ਤਾਂ ਕਿ ਸਕੂਲਾਂ ‘ਚ ਨਸ਼ੇ, ਲੜਾਈ ਝਗੜੇ ਅਤੇ ਗਲਤ ਕਾਰਵਾਈਆਂ ਨੂੰ ਰੋਕਿਆ ਜਾ ਸਕੇ।