ਮੈਰੀਲੈਂਡ ਕਾਉਂਟੀ (ਅਮਰੀਕਾ) ‘ਚ ਐਤਵਾਰ ਸ਼ਾਮ ਨੂੰ ਇਕ ਛੋਟਾ ਜਹਾਜ਼ ਐੱਮ20ਜੇ ਬਿਜਲੀ ਦੀਆਂ ਤਾਰਾਂ ‘ਚ ਫਸ ਗਿਆ। ਹਾਲਾਂਕਿ ਹਾਦਸੇ ‘ਚ ਜਹਾਜ਼ ‘ਚ ਸਵਾਰ ਦੋ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਨੂੰ ਕੱਢਣ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ‘ਚ ਬਿਜਲੀ ਬੰਦ ਕਰਨੀ ਪਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਇਕ ਇੰਜਣ ਵਾਲਾ ਜਹਾਜ਼, ਜੋ ਵ੍ਹਾਈਟ ਪਲੇਨਜ਼, ਐੱਨ.ਵਾਈ. ਤੋਂ ਹਵਾਨਾ ਹੋਇਆ ਸੀ, ਐਤਵਾਰ ਸ਼ਾਮ ਕਰੀਬ 5 ਵੱਜ ਕੇ 40 ਮਿੰਟ ‘ਤੇ ਗੈਥਰਸਬਰਗ ‘ਚ ਮੋਂਟਗੋਮਰੀ ਕਾਉਂਟੀ ਏਅਰ ਪਾਰਕ ਨੇੜੇ ਬਿਜਲੀ ਦੀਆਂ ਤਾਰਾਂ ‘ਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਐੱਫ.ਏ.ਏ. ਨੇ ਕਿਹਾ ਕਿ ਜਹਾਜ਼ ‘ਚ ਦੋ ਲੋਕ ਸਵਾਰ ਸਨ। ਮੋਂਟਗੋਮਰੀ ਕਾਉਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਮੁੱਖ ਬੁਲਾਰੇ ਪੀਟ ਪਿਰਿੰਗਰ ਨੇ ਟਵਿੱਟਰ ‘ਤੇ ਕਿਹਾ ਕਿ ਜਹਾਜ਼ ‘ਚ ਸਵਾਰ ਲੋਕ ਸੁਰੱਖਿਅਤ ਹਨ ਅਤੇ ਬਚਾਅਕਰਤਾ ਉਨ੍ਹਾਂ ਦੇ ਸੰਪਰਕ ‘ਚ ਹਨ। ਉਨ੍ਹਾਂ ਇਕ ਵੀਡੀਓ ਸੰਦੇਸ਼ ‘ਚ ਪਹਿਲਾਂ ਕਿਹਾ ਸੀ ਕਿ ਜਹਾਜ਼ ‘ਚ 3 ਲੋਕ ਸਨ ਪਰ ਬਾਅਦ ‘ਚ ਸਪੱਸ਼ਟ ਕੀਤਾ ਕਿ ਦੋ ਲੋਕ ਸਵਾਰ ਸਨ।