ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਅੱਜ ਗੈਂਗਵਾਰ ਦੀ ਘਟਨਾ ਵਾਪਰੀ ਜਿਸ ‘ਚ ਗੁਰਦਾਸਪੁਰ ਨਿਵਾਸੀ ਗੈਂਗਸਟਰ ਰਾਜਵੀਰ ਸਿੰਘ ‘ਤੇ ਬੈਰਕ ‘ਚ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਰਾਜਵੀਰ ਦੇ ਸਿਰ ‘ਤੇ ਸੱਟਾਂ ਲੱਗਣ ਕਾਰਨ ਜੇਲ੍ਹ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮਖ ਸਿੰਘ ਅਤੇ ਜਗਰੌਸ਼ਨ ਸਿੰਘ ਨਾਲ ਆਪਣੀ ਬੈਰਕ ‘ਚ ਬੈਠਾ ਸੀ ਤਾਂ ਇਨ੍ਹਾਂ ਚਾਰਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਸ ਨੇ ਦੱਸਿਆ ਕਿ ਇਸ ਦੌਰਾਨ ਸ਼ੁਭਮ, ਗੁਰਮਖ ਅਤੇ ਜਗਰੌਸ਼ਨ ਸਿੰਘ ਨੇ ਉਸ ‘ਤੇ ਕਿਸੇ ਚੀਜ਼ ਨਾਲ ਹਮਲਾ ਕਰ ਕੇ ਉਸ ਦੇ ਸਿਰ ‘ਤੇ ਸੱਟਾਂ ਮਾਰੀਆਂ। ਜ਼ਖ਼ਮੀ ਗੈਂਗਸਟਰ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਖ਼ਮੀ ਦੀਆਂ ਸੱਟਾਂ ਸਬੰਧੀ ਐੱਮ.ਐੱਲ.ਆਰ. ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਪਾਕਿਸਤਾਨ ‘ਚ ਰਹਿ ਰਹੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ ਅੱਤਵਾਦੀ ਐਲਾਨਿਆ ਸੀ। ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ 2021 ‘ਚ ਪੰਜਾਬ ਪੁਲਸ ਦੇ ਖੁਫ਼ੀਆ ਹੈੱਡਕੁਆਰਟਰ ‘ਤੇ ਹਮਲੇ ਦੇ ਸਾਜ਼ਿਸ਼ਕਰਤਾਵਾਂ ‘ਚੋਂ ਇਕ ਮੰਨਿਆ ਜਾਂਦਾ ਹੈ।