ਇੰਡੀਆ ਨੂੰ ਕਿਦਾਂਬੀ ਸ੍ਰੀਕਾਂਤ ਤੇ ਡਬਲਜ਼ ਜੋਡ਼ੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ’ਚ ਮਲੇਸ਼ੀਆ ਵਿਰੁੱਧ 1-3 ਦੀ ਹਾਰ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ’ਚ ਇੰਡੀਆ ਦੇ ਸਿੰਗਲਜ਼ ਖਿਡਾਰੀਆਂ ਤੇ ਮਲੇਸ਼ੀਆ ਦੀਆਂ ਡਬਲਜ਼ ਜੋਡ਼ੀਆਂ ਉਤੇ ਨਜ਼ਰਾਂ ਟਿਕੀਆਂ ਹੋਈਆਂ ਸਨ। ਇੰਡੀਆ ਦੇ ਸਿੰਗਲਜ਼ ਖਿਡਾਰੀ ਹਾਲਾਂਕਿ ਆਪਣੇ ਤੋਂ ਘੱਟ ਦਰਜਾਬੰਦੀ ਵਾਲੇ ਖਿਡਾਰੀਆਂ ਵਿਰੁੱਧ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਕਾਰਨ ਇੰਡੀਆ ਸੋਨ ਤਗਮੇ ਤੋਂ ਖੁੰਝ ਗਿਆ। ਦੂਜੇ ਪਾਸੇ ਮਲੇਸ਼ੀਆ ਦੀਆਂ ਡਬਲਜ਼ ਜੋਡ਼ੀਆਂ ਉਮੀਦ ਉਤੇ ਖਰੀਆਂ ਉਤਰੀਆਂ। ਸਾਤਵਿਕਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋਡ਼ੀ ਸਭ ਤੋਂ ਪਹਿਲਾਂ ਕੋਰਟ ’ਚ ਉਤਰੀ। ਇਸ ਜੋਡ਼ੀ ਨੂੰ ਹਾਲਾਂਕਿ ਦੁਨੀਆ ਦੀ ਛੇਵੇਂ ਨੰਬਰ ਦੀ ਟੇਂਗ ਫੋਂਗ ਆਰੋਨ ਚਿਆ ਤੇ ਵੂਈ ਯਿਕ ਸੋਹ ਦੀ ਜੋਡ਼ੀ ਖ਼ਿਲਾਫ਼ 18-21, 15-21 ਨਾਲ ਹਾਰ ਝੱਲਣੀ ਪਈ। ਇੰਡੀਆ ਨੂੰ ਦੋ ਵਾਰ ਦੀ ਉਲੰਪਿਕ ਤਗ਼ਮਾ ਜੇਤੂ ਤੇ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਤੋਂ ਵਾਪਸੀ ਦੀ ਉਮੀਦ ਸੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਇੰਡੀਆ ਨੂੰ ਬਰਾਬਰੀ ਉਤੇ ਤਾਂ ਲਿਆਂਦਾ ਪਰ ਮਹਿਲਾ ਸਿੰਗਲਜ਼ ’ਚ ਉਨ੍ਹਾਂ ਨੂੰ 60ਵੇਂ ਨੰਬਰ ਦੀ ਖਿਡਾਰਨ ਜਿਨ ਵੇਈ ਗੋਹ ਨੂੰ ਹਰਾਉਣ ਲਈ ਕਾਫ਼ੀ ਜੂਝਣਾ ਪਿਆ। ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਨਿਰਾਸ਼ ਕੀਤਾ। ਉਨ੍ਹਾਂ ਦੁਨੀਆ ਦੇ 42ਵੇਂ ਨੰਬਰ ਦੇ ਖਿਡਾਰੀ ਐਨਜੀ ਟੀਜੇ ਯੋਂਗ ਵਿਰੁੱਧ ਪਹਿਲਾ ਗੇਮ 19-21 ਨਾਲ ਗੁਆ ਦਿੱਤਾ। ਪਰ ਅਗਲੇ ਗੇਮ ’ਚ ਵਾਪਸੀ ਕਰਦਿਆਂ 21-6 ਦੀ ਇਕਪਾਸਡ਼ ਜਿੱਤ ਦਰਜ ਕੀਤੀ। ਸ੍ਰੀਕਾਂਤ ਹਾਲਾਂਕਿ ਤੀਜੇ ਤੇ ਫੈਸਲਾਕੁਨ ਗੇਮ ’ਚ ਲੈਅ ਕਾਇਮ ਰੱਖਣ ’ਚ ਨਾਕਾਮ ਰਹੀ ਤੇ 16-21 ਨਾਲ ਹਾਰ ਗਏ ਜਿਸ ਨਾਲ ਇੰਡੀਆ 1-2 ਨਾਲ ਪੱਛਡ਼ ਗਿਆ। ਕੂੰਗ ਲੀ ਪਿਅਰਲੀ ਟੇਨ ਤੇ ਮੁਰਲੀਧਰਨ ਥਿਨਾਹ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋਡ਼ੀ ਨੇ ਇਸ ਤੋਂ ਬਾਅਦ ਮਹਿਲਾ ਡਬਲਜ਼ ’ਚ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ 38ਵੇਂ ਨੰਬਰ ਦੀ ਜੋਡ਼ੀ ਨੂੰ 21-18, 21-17 ਨਾਲ ਹਰਾ ਕੇ ਮਲੇਸ਼ੀਆ ਲਈ ਸੋਨ ਤਗਮਾ ਜਿੱਤਿਆ। ਇਸ ਜਿੱਤ ਨਾਲ ਮਲੇਸ਼ੀਆ ਨੇ ਫਿਰ ਤੋਂ ਖਿਤਾਬ ਹਾਸਲ ਕੀਤਾ ਜੋ ਉਸ ਨੇ ਚਾਰ ਸਾਲ ਪਹਿਲਾਂ ਗੋਲਡ ਕੋਸਟ ’ਚ ਇੰਡੀਆ ਨੂੰ ਗੁਆ ਦਿੱਤਾ ਸੀ। ਇੰਡੀਆ ਨੂੰ ਖਿਤਾਬ ਬਰਕਰਾਰ ਰੱਖਣ ਲਈ ਸਿੰਗਲਜ਼ ਤੇ ਪੁਰਸ਼ ਡਬਲਜ਼ ਜੋਡ਼ੀ ਉਤੇ ਭਰੋਸਾ ਸੀ ਕਿਉਂਕਿ ਮਹਿਲਾ ਡਬਲਜ਼ ਤੇ ਮਿਸ਼ਰਤ ਡਬਲਜ਼ ’ਚ ਉਸ ਦਾ ਪੱਖ ਕਮਜ਼ੋਰ ਸੀ।