ਕ੍ਰਿਸਮਿਸ ਦੇ ਦਿਨ ਜਿੱਥੇ ਦੁਨੀਆ ਦੇ ਕੋਨੇ-ਕੋਨੇ ‘ਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ ਉਥੇ ਹੀ ਫਰਾਂਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਇਸ ਦੀ ਰਾਜਧਾਨੀ ਪੈਰਿਸ ‘ਚ ਅੱਗਜ਼ਨੀ ਹੋ ਗਈ ਅਤੇ ਗੋਲੀਆਂ ਚੱਲੀਆਂ। ਮੱਧ ਪੈਰਿਸ ਦੇ ਰੁਏ ਡੀ ਐਂਗੀਅਨ ‘ਤੇ ਸਥਿਤ ਇਕ ਸਭਿਆਚਾਰਕ ਕੇਂਦਰ ‘ਤੇ ਇਕ ਬੰਦੂਕਧਾਰੀ ਨੇ ਤਿੰਨ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਦੰਗੇ ਭੜਕ ਗਏ। ਬੰਦੂਕਧਾਰੀ ਵੱਲੋਂ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੈਰਿਸ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਹਿੰਸਾ ਸ਼ੁਰੂ ਹੋ ਗਈ। ਇਸ ਦੌਰਾਨ ਕੁਰਦਿਸਤਾਨ ਵਰਕਰਜ਼ ਪਾਰਟੀ ਦੇ ਸਮਰਥਕਾਂ ਅਤੇ ਪੁਲੀਸ ਨਾਲ ਜ਼ਬਰਦਸਤ ਝੜਪ ਹੋਈ। ਕਈ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ। ਦਰਅਸਲ ਕੁਰਦਿਸ਼ ਕਲਚਰਲ ਸੈਂਟਰ ‘ਚ ਹੋਈ ਗੋਲੀਬਾਰੀ ਤੋਂ ਬਾਅਦ ਦੂਜੇ ਦਿਨ ਵੀ ਪੈਰਿਸ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਹਿੰਸਾ ਅਤੇ ਦੰਗੇ ਭੜਕ ਗਏ। ਇਸ ਦੇ ਨਾਲ ਹੀ ਕ੍ਰਿਸਮਸ ਵਾਲੇ ਦਿਨ ਵੀ ਪੈਰਿਸ ਹਿੰਸਾ ਦੀ ਅੱਗ ਨਾਲ ਹਿੱਲ ਗਿਆ ਸੀ। ਭੜਕੇ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਨੂੰ ਪਲਟ ਦਿੱਤਾ ਅਤੇ ਅੱਗ ਲਗਾ ਦਿੱਤੀ। ਜਵਾਬ ‘ਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਰਿਪੋਰਟ ਮੁਤਾਬਕ ਤਿੰਨ ਪੀੜਤਾਂ ਦੇ ਸੋਗ ਲਈ ਸ਼ਹਿਰ ਦੇ ਪਲੇਸ ਡੇ ਲਾ ਰਿਪਬਲਿਕ ‘ਚ ਇਕ ਵੱਡੇ ਪੱਧਰ ‘ਤੇ ਸ਼ਾਂਤੀਪੂਰਨ ਪ੍ਰਦਰਸ਼ਨ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਹੋਇਆ। ਸੈਂਕੜੇ ਕੁਰਦ ਪ੍ਰਦਰਸ਼ਨਕਾਰੀ ਪੈਰਿਸ ਦੇ ਕੇਂਦਰੀ ਚੌਕ ‘ਚ ਪੀੜਤਾਂ ਨੂੰ ਸ਼ਰਧਾਂਜਲੀ ਦੇਣ ‘ਚ ਜ਼ਿਲ੍ਹੇ ਦੇ ਮੇਅਰ ਸਮੇਤ ਫਰਾਂਸ ਦੇ ਸਿਆਸਤਦਾਨਾਂ ‘ਚ ਸ਼ਾਮਲ ਹੋਏ। ਇਸ ਦੌਰਾਨ ਪੈਰਿਸ ਦੇ ਪੁਲੀਸ ਮੁਖੀ ਲੌਰੇਂਟ ਨੁਨੇਜ਼ ਨੇ ਕਿਹਾ ਕਿ ਹਿੰਸਾ ਲਈ ਕੁਝ ਦਰਜਨ ਪ੍ਰਦਰਸ਼ਨਕਾਰੀ ਜ਼ਿੰਮੇਵਾਰ ਸਨ ਜਿਸ ਕਾਰਨ 11 ਗ੍ਰਿਫਤਾਰੀਆਂ ਹੋਈਆਂ ਅਤੇ ਲਗਭਗ 30 ਮਾਮੂਲੀ ਜ਼ਖਮੀ ਹੋਏ। ਜਿਵੇਂ ਹੀ ਕੁਝ ਪ੍ਰਦਰਸ਼ਨਕਾਰੀ ਚੌਕ ਤੋਂ ਬਾਹਰ ਨਿਕਲੇ ਉਨ੍ਹਾਂ ਨੇ ਪੁਲੀਸ ‘ਤੇ ਗੋਲੇ ਸੁੱਟੇ ਜਿਸ ਦਾ ਜਵਾਬ ਪੁਲੀਸ ਨੇ ਅੱਥਰੂ ਗੈਸ ਨਾਲ ਦਿੱਤਾ।