ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਦਾ ਬਣਾਉਂਦਿਆਂ ‘ਆਪ’ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਹੈ। ਉਹ ਅੰਮ੍ਰਿਤਸਰ ਅਤੇ ਤਰਨ ਤਾਰਨ ‘ਚ ਕਾਂਗਰਸ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦਾ ਸੰਭਾਲਨ ਸਬੰਧੀ ਰੱਖੇ ਸਮਾਗਮਾਂ ‘ਚ ਪੁੱਜੇ ਹੋਏ ਸਨ। ਰਾਜਾ ਵੜਿੰਗ ਨੇ ਆਖਿਆ ਕਿ ‘ਆਪ’ ਸਰਕਾਰ ਵੱਲੋਂ ਪੰਚਾਇਤਾਂ, ਨਗਰ ਪੰਚਾਇਤਾਂ ਤੇ ਜ਼ਿਲ੍ਹਾ ਪਰਿਸ਼ਦ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ‘ਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਨਵੇਂ ਬਣੇ ਪ੍ਰਧਾਨ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਕਾਰਜਭਾਰ ਸੰਭਾਲਣ ਮੌਕੇ ਰੱਖੇ ਸਮਾਗਮ ‘ਚ ਉਨ੍ਹਾਂ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ‘ਚ ਲੋਕਾਂ ਨੂੰ ਰਾਹੁਲ ਗਾਂਧੀ ਵੱਲੋਂ ਆਰੰਭ ਕੀਤੀ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਲਈ ਵੀ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਜਨਵਰੀ ਮਹੀਨੇ ‘ਚ ਪੰਜਾਬ ‘ਚ ਪੁੱਜੇਗੀ। ਉਨ੍ਹਾਂ ਸ਼ਾਮ ਨੂੰ ਕੱਢੀ ਗਈ ਸੰਕੇਤਕ ਭਾਰਤ ਜੋੜੋ ਯਾਤਰਾ ‘ਚ ਵੀ ਸ਼ਮੂਲੀਅਤ ਕੀਤੀ। ਇਹ ਯਾਤਰਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਜਲ੍ਹਿਆਂਵਾਲਾ ਬਾਗ ਤੱਕ ਕੱਢੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ‘ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ‘ਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਸੂਬੇ ‘ਚ ਆਮ ਆਦਮੀ ਪਾਰਟੀ ਨੂੰ ਬਦਲਾਅ ਵਾਸਤੇ ਲੈ ਕੇ ਆਏ ਸਨ ਪਰ ਇਹ ਬਦਲਾਅ ਹੁਣ ਲੋਕਾਂ ਦੇ ਗਲ ਪੈਣ ਲੱਗ ਪਿਆ ਹੈ। ਹਿਮਾਚਲ ‘ਚ ਕਾਂਗਰਸ ਦੀ ਜਿੱਤ ਬਾਰੇ ਉਨ੍ਹਾਂ ਕਿਹਾ ਕਿ ਇਹ ਬਦਲਾਅ ਦਾ ਸੰਕੇਤ ਹੈ ਅਤੇ ਆਉਣ ਵਾਲੀਆਂ ਸੰਸਦੀ ਚੋਣਾਂ ‘ਚ ਸਮੁੱਚੇ ਦੇਸ਼ ‘ਚ ਬਦਲਾਅ ਆਵੇਗਾ ਅਤੇ ਕਾਂਗਰਸ ਮੁੜ ਸਤਾ ‘ਚ ਹੋਵੇਗੀ। ਤਰਨ ਤਾਰਨ ‘ਚ ਰਾਜਾ ਵੜਿੰਗ ਨੇ ਸਾਬਕ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਜ਼ਿਲ੍ਹੇ ‘ਚ ਲੋਕਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਾਮਬੰਦ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਦੀਆਂ ਉਮੀਦਾਂ ‘ਤੇ ਪੂਰੇ ਨਾ ਉਤਰਨ ਕਾਰਨ ਆਪਣਾ ਅਹੁਦਾ ਛੱਡ ਦੇਣ ਦੀ ਸਲਾਹ ਦਿੱਤੀ ਹੈ।