ਲੁਧਿਆਣਾ ਦੇ ਦਿਆਨੰਦ ਮੈਡੀਕਲ ਹਸਪਤਾਲ ਦੇ ਸਾਹਮਣੇ ਸਥਿਤ ਦਵਾਈਆਂ ਦੀ ਪ੍ਰਸਿੱਧ ਦੁਕਾਨ ਗੁਰਮੇਲ ਮੈਡੀਕਲ ਵਾਲਿਆਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਇਨਕਮ ਟੈਕਸ ਵਾਲਿਆਂ ਨੇ ਛਾਪੇ ਮਾਰੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਇਸ ਪਰਿਵਾਰ ਦੇ ਪਿੰਡੀ ਗਲੀ ‘ਚ ਘਰ ਤੇ ਦੁਕਾਨਾਂ ‘ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ। ਦਵਾਈ ਕਾਰੋਬਾਰੀ ਦੇ ਗੁਦਾਮਾਂ ‘ਤੇ ਵੀ ਟੀਮ ਨੇ ਛਾਪੇ ਮਾਰੇ ਹਨ। ਛਾਪਿਆਂ ‘ਚ ਬੋਗਸ ਬਿਲਿੰਗ ਆਦਿ ਚੈੱਕ ਕੀਤੇ ਜਾ ਰਹੇ ਹਨ। ਅਧਿਕਾਰੀ ਉਂਜ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਛਾਪੇ ਲਈ ਟੀਮ ਜਲੰਧਰ ਤੋਂ ਦੇਰ ਰਾਤ ਹੀ ਰਵਾਨਾ ਹੋਈ ਸੀ। ਰਾਤ ਨੂੰ ਹੀ ਟੀਮ ਦਵਾਈ ਕਾਰੋਬਾਰੀ ਦੇ ਠਿਕਾਣਿਆਂ ‘ਤੇ ਪੁੱਜ ਗਈ ਸੀ। ਛਾਪੇ ਦੀ ਖਬਰ ਮਗਰੋਂ ਦਵਾਈ ਕਾਰੋਬਾਰੀਆਂ ‘ਚ ਭਾਜੜਾਂ ਪੈ ਗਈਆਂ। ਆਮਦਨ ਕਰ ਵਿਭਾਗ ਨੇ ਗੁਰਮੇਲ ਮੈਡੀਕਲ ਵਾਲਿਆਂ ਦੇ ਘਰ, ਪਿੰਡੀ ਗਲੀ ਦੀ ਦੁਕਾਨ ਤੇ ਹੋਰਨਾਂ ਥਾਵਾਂ ‘ਤੇ ਛਾਪੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਦਵਾਈ ਕਾਰੋਬਾਰੀ ਦੇ ਘਰ ਸਣੇ 8 ਤੋਂ 10 ਟਿਕਾਣਿਆਂ ‘ਤੇ ਟੀਮਾਂ ਨੇ ਛਾਪੇ ਮਾਰੇ ਹਨ। ਇਸ ਪਰਿਵਾਰ ਦੀਆਂ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਵੀ ਹਨ ਅਤੇ ਕਈ ਦਵਾਈਆਂ ਬਣਾਉਣ ਵਾਲੀਆਂ ਨਾਮੀ ਕੰਪਨੀਆਂ ਦੀਆਂ ਦਵਾਈਆਂ ਵੀ ਇਹੋ ਵੇਚਦੇ ਹਨ।