ਸਿਆਸਤ ਵਿੱਚ ‘ਪਾਸ਼’ ਅਤੇ ‘ਦਾਸ’ ਦੀ ਜੋੜੀ ਦੀ ਮਿਸਾਲ ਦਿੱਤੀ ਜਾਂਦੀ ਰਹੀ ਹੈ ਅਤੇ ਦੋਵੇਂ ਭਰਾ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਦੇ ਜਿਊਂਦੇ ਜੀਅ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਅਜਿਹੇ ਵੱਖਰੇ ਰਾਹ ਪਏ ਕਿ ਅੱਜ ਤੱਕ ਵੱਖ ਹਨ। ਇਸ ਦੌਰਾਨ ਮਨਪ੍ਰੀਤ ਨੇ ਵੱਖਰੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਅਤੇ ਫਿਰ ਕਾਂਗਰਸ ‘ਚ ਸ਼ਾਮਲ ਹੋ ਕੇ ਵੀ ਵਿੱਤ ਮੰਤਰੀ ਬਣੇ ਜੋ ਅਕਾਲੀ ਸਰਕਾਰ ‘ਚ ਵੀ ਵਿੱਤ ਮੰਤਰੀ ਰਹੇ। ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਅਤੇ ਭੋਗ ਸਮੇਂ ਉਹ ਇਕ ਵਾਰ ਫਿਰ ਸੁਖਬੀਰ ਬਾਦਲ ਦੇ ਨਾਲ ਨਜ਼ਰ ਆਏ। ਉਦੋਂ ਤੋਂ ਹੀ ਦੋਹਾਂ ‘ਚ ਨੇੜਤਾ ਅਤੇ ਦੂਰੀਆਂ ਮਿਟਣ ਦੀ ਚਰਚਾ ਚੱਲਦੀ ਹੈ। ਹੁਣ ਕਿਉਂਕਿ ਮਨਪ੍ਰੀਤ ਬਾਦਲ ਕਾਂਗਰਸ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਸ ਸਮੇਂ ਭਾਜਪਾ ‘ਚ ਹਨ। ਇਕ ਵਾਰ ਫਿਰ ਇਹ ਨੇੜਤਾ ਉਦੋਂ ਦਿਖਾਈ ਦਿੱਤੀ ਜਦੋਂ ਬਾਦਲ ਪਰਿਵਾਰ ਵੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ‘ਚ ਟਾਹਲੀ ਦਾ ਇਕ ਬੂਟਾ ਲਾਇਆ ਗਿਆ। ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਪਿੰਡ ਬਾਦਲ ‘ਚ ਮਨਪ੍ਰੀਤ ਬਾਦਲ ਦੀ ਢਾਣੀ ‘ਚ ਮਰਹੂਮ ਗੁਰਦਾਸ ਬਾਦਲ ਦੀ ਯਾਦ ‘ਚ ਲੱਗੇ ਬੂਟੇ ਕੋਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ‘ਚ ਇਹ ਬੂਟਾ ਲਾਇਆ। ਜ਼ਿਕਰਯੋਗ ਹੈ ਕਿ 2020 ‘ਚ ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੇ ਦੇਹਾਂਤ ਮਗਰੋਂ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਦੀ ਯਾਦ ‘ਚ ਇਸ ਥਾਂ ਟਾਹਲੀ ਦਾ ਬੂਟਾ ਲਾਇਆ ਸੀ। ਆਪਣੇ ਪਿਤਾ ਦੀ ਯਾਦ ‘ਚ ਬੂਟਾ ਲਾਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਕਿਹਾ, ‘ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਚਾਚਾ ਜੀ ਸਰਦਾਰ ਗੁਰਦਾਸ ਸਿੰਘ ਬਾਦਲ ਦਾ ਇਕ-ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। ਵੀਰ ਮਨਪ੍ਰੀਤ ਨੇ ਚਾਚਾ ਜੀ ਦੀ ਯਾਦ ‘ਚ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਸੀ। ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਬਾਦਲ ਸਾਬ੍ਹ ਦੀ ਯਾਦ ‘ਚ ਵੀ ਟਾਹਲੀ ਦਾ ਬੂਟਾ ਲਗਾਇਆ ਹੈ। ਇਹ ਦੋਵੇਂ ਬੂਟੇ ‘ਪਾਸ਼-ਦਾਸ’ ਦੀ ਜੋੜੀ ਵਜੋਂ ਪੂਰੇ ਬਾਦਲ ਪਰਿਵਾਰ ਨੂੰ ਠੰਢੀ ਛਾਂ ਦਿੰਦੇ ਰਹਿਣਗੇ।’ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਪੇਸ਼ ‘ਤੇ ਸ਼ੇਅਰ ਕੀਤਾ ਹੈ।