ਇੰਡੀਆ ਦੀਆਂ ਜੇਲ੍ਹਾਂ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੈਨੇਡਾ ‘ਚ ਵੀ ਮੰਗ ਉੱਠਣ ਲੱਗੀ ਹੈ ਅਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਡਮਿੰਟਨ ‘ਚ ਸਿੱਖ ਯੂਥ ਐਡਮਿੰਟਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਦਸਤਾਰ-ਦੁਮਾਲਾ ਦੌੜ ਮੁਕਾਬਲਿਆਂ ਦੌਰਾਨ ਸਿੱਖ ਜਥੇਬੰਦੀਆਂ ਦੀ ਨੇ ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਦੀ ਜਵਾਨੀ ਤੇ ਕਿਰਸਾਨੀ ਤੋਂ ਇਲਾਵਾ ਪਾਣੀ, ਪੁੱਤ ਤੇ ਪੱਤ ਬਚਾਉਣ ਦਾ ਵੀ ਹੌਕਾ ਦਿੱਤਾ ਗਿਆ। ਸਿੱਖ ਯੂਥ ਆਗੂ ਤੇ ਸਮਾਗਮ ਦੇ ਮੁੱਖ ਪ੍ਰਬੰਧਕ ਮਲਕੀਅਤ ਸਿੰਘ ਢੇਸੀ ਅਤੇ ਤੇਜਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਦੀ ਇੱਕੋ ਇੱਕ ਮੰਗ ਹੈ ਉਹ ਹੈ ਦਹਾਕਿਆਂ ਤੋਂ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ। ਬੁਲਾਰਿਆਂ ਨੇ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਸ਼ਮਸ਼ੇਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੀ ਰਿਹਾਈ ਲਈ ਸੰਘਰਸ਼ ਚੱਲ ਰਿਹਾ ਹੈ। ਇਹ ਉਹ ਸਿੰਘ ਹਨ ਜੋ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ ‘ਚ ਬੰਦ ਹਨ ਇਨ੍ਹਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਇਹ ਸਿੰਘ ਧਰਮ ਤੇ ਆਪਣੀ ਕੌਮ ਦੀ ਖ਼ਾਤਰ ਲੜੇ ਸਨ। ਇੰਨਾ ਲੰਮਾ ਸਮਾਂ ਜੇਲ੍ਹਾਂ ‘ਚ ਬਤੀਤ ਹੋਣ ਤੋਂ ਬਾਅਦ ਵੀ ਭਾਰਤੀ ਹਕੂਮਤ ਨੇ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ।