ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਮਸਲਿਆਂ ਬਾਰੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ‘ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਬੈਠ ਕੇ ਕੀਰਤਨ ਕਰਨ ਲਈ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਕੂਚ ਕੀਤਾ ਪਰ ਰਸਤੇ ‘ਚ ਯੂ.ਟੀ. ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ। ਜਾਣਕਾਰੀ ਅਨੁਸਾਰ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਦਿਲਸ਼ੇਰ ਸਿੰਘ ਦੀ ਦੇਖਰੇਖ ਤੇ ਰੇਸ਼ਮ ਸਿੰਘ ਬਡਾਲਾ ਦੀ ਅਗਵਾਈ ਵਾਲੇ ਕਾਫ਼ਲੇ ਨੇ ਪੱਕੇ ਮੋਰਚੇ ਵਾਲੀ ਥਾਂ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ। ਪਹਿਲਾਂ ਮੁਹਾਲੀ ਪੁਲੀਸ ਨੇ ਐੱਸ.ਐੱਸ.ਪੀ. ਦੀ ਸਰਕਾਰੀ ਰਿਹਾਇਸ਼ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਪ੍ਰੰਤੂ ਪ੍ਰਦਰਸ਼ਨਕਾਰੀ ਅੱਗੇ ਵੱਧ ਗਏ ਅਤੇ ਜਿਵੇਂ ਹੀ ਉਨ੍ਹਾਂ ਚੰਡੀਗੜ੍ਹ ਦੀ ਹੱਦ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਯੂ.ਟੀ. ਪੁਲੀਸ ਨੇ ਰੇਸ਼ਮ ਸਿੰਘ ਬਡਾਲੀ ਸਮੇਤ ਕਰੀਬ 36 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ। ਪੁਲੀਸ, ਸਿੱਖ ਆਗੂਆਂ ਨੂੰ ਆਪਣੀ ਬੱਸ ‘ਚ ਬਿਠਾ ਕੇ ਸੈਕਟਰ-36 ਦੇ ਥਾਣੇ ਲੈ ਗਈ। ਬਾਅਦ ‘ਚ ਬਿਨਾਂ ਸ਼ਰਤ ਸਾਰੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਸਾਰੇ ਮੁੜ ਪੱਕੇ ਮੋਰਚੇ ਵਾਲੀ ਥਾਂ ‘ਤੇ ਧਰਨੇ ‘ਤੇ ਬੈਠ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਦਿਆਂ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕਿਸਾਨਾਂ ਦਾ ਇਹ ਕਾਫ਼ਲਾ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਰੋਸ ਮਾਰਚ ਕਰਦਾ ਹੋਇਆ ਧਰਨੇ ‘ਚ ਪੁੱਜਾ। ਡੱਲੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ‘ਚ ਪੱਕਾ ਮੋਰਚਾ ਲਾ ਕੇ ਜਿਵੇਂ ਕਿਸਾਨਾਂ ਨੇ ਕੇਂਦਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ, ਓਵੇਂ ਹੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।