ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਦੋਂ ਝਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਪੰਜ ਵਾਰ ਚੋਣ ਲੜਨ ਵਾਲੇ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਿਤ ਅਸਤੀਫੇ ‘ਚ ਬੋਨੀ ਅਜਨਾਲਾ ਨੇ ਲਿਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਅਤੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਪੜਤਾਲੀਆ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਅਣਗੌਲਿਆਂ ਕਰਕੇ ਵਿਧਾਨ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਧੋਖਾ ਕਰਨ ਵਾਲਿਆਂ ਨੂੰ ਹਲਕਾ ਇੰਚਾਰਜ ਤੇ ਹੋਰਨਾਂ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਕਾਰਨ ਉਹ ਪਾਰਟੀ ਦੀਆਂ ਸਾਰੀਆਂ ਹੀ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਰਹੇ ਹਨ। ਇਸ ਤੋਂ ਬਾਅਦ ਬੋਨੀ ਅਜਨਾਲਾ ਨੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਸੂਤਰਾਂ ਅਨੁਸਾਰ ਬੋਨੀ ਅਜਨਾਲਾ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਯਾਦ ਰਹੇ ਕਿ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ ‘ਚ ਉੱਚ ਅਹੁਦਿਆਂ ਅਤੇ ਸਰਕਾਰ ‘ਚ ਮੰਤਰੀ ਦੇ ਅਹੁਦੇ ‘ਤੇ ਰਹੇ। ਉਹ ਇਕ ਸਮੇਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਵੀ ਚਲੇ ਗਏ ਸਨ।