ਡੁਬਈ ‘ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ 35 ਮੰਜ਼ਿਲਾ ਇਮਾਰਤ ਵਿੱਚ ਸੋਮਵਾਰ ਤੜਕੇ ਅੱਗ ਲੱਗ ਗਈ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਦਿ ਐਸੋਸੀਏਟਡ ਪ੍ਰੈੱਸ ਦੇ ਇਕ ਪੱਤਰਕਾਰ ਦੇ ਮੌਕੇ ‘ਤੇ ਪਹੁੰਚਣ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਸੀ, ਜੋ ਕਿ ਅਮੀਰਾਤ ਵਿੱਚ ਇਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ, ‘ਐਮਾਰ’ ਦੇ ‘8 ਬੁਲੇਵਾਰਡ ਵਾਕ’ ਨਾਮਕ ਟਾਵਰ ਦੀ ਇਕ ਲੜੀ ਦਾ ਹਿੱਸਾ ਹੈ। ਡੁਬਈ ਪੁਲੀਸ ਅਤੇ ਸਿਵਲ ਡਿਫੈਂਸ ਵਿਭਾਗ ਨੇ ਤੁਰੰਤ ਅੱਗ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਹੈ। ‘ਐਮਾਰ’ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਡੁਬਈ ਵਿੱਚ 2015 ਵਿੱਚ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਬੁਰਜ ਖਲੀਫਾ ਨੇੜੇ ‘ਐਡਰੈੱਸ ਡਾਊਨਟਾਊਨ’ ਵਿੱਚ ਅੱਗ ਲੱਗ ਗਈ ਸੀ।