ਨਵੀਂ ਦਿੱਲੀ ਦੇ ਜੰਤਰ ਮੰਤਰ ‘ਤੇ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਕੇ ਦਿੱਤ ਜਾ ਰਹੇ ਧਰਨੇ ‘ਚ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ‘ਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣ ਤੇ ਅਰਥਪੂਰਨ ਜਾਂਚ ਲਈ ਸਿੰਘ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ ਹੈ। ਨਵਜੋਤ ਸਿੱਧੂ ਨੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ‘ਚ ਨਿੱਤਰਦਿਆਂ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ‘ਗੈਰ-ਜ਼ਮਾਨਤੀ ਪੋਕਸੋ ਐਕਟ’ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਰਥਪੂਰਨ ਜਾਂਚ ਹੀ ਇਸ ਦਿਸ਼ਾ ‘ਚ ਅਗਲੇਰਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ‘ਹਰੇਕ ਔਰਤ ਦੇ ਮਾਣ ਸਤਿਕਾਰ ਤੇ ਨੇਕ-ਨੀਅਤੀ ਦੀ ਲੜਾਈ ਹੈ। ਨਵਜੋਤ ਸਿੱਧੂ ਨੇ ਪਿਛਲੇ ਅੱਠ ਦਿਨਾਂ ਤੋਂ ਧਰਨੇ ‘ਤੇ ਬੈਠੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ। ਸਿੱਧੂ ਨੇ ਪਹਿਲਵਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨਾਲ ਖਿਚਵਾਈਆਂ ਕੁਝ ਤਸਵੀਰਾਂ ਅੱਜ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦਿਆਂ ਬ੍ਰਿਜ ਭੂਸ਼ਣ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੇ ਜਾਣ ‘ਚ ਕੀਤੀ ਦੇਰੀ ਲਈ ਸਵਾਲ ਉਠਾਏ। ਉਨ੍ਹਾਂ ਟਵੀਟ ਕੀਤਾ, ‘ਇਹ ਜਾਣਦੇ ਹੋਏ ਕਿ ਕੀ ਠੀਕ ਹੈ। ਕੁਝ ਵੀ ਨਾ ਕਰਨਾ ਸਭ ਤੋਂ ਵੱਡੀ ਕਾਇਰਤਾ ਹੈ। ਐੱਫ.ਆਈ.ਆਰ. ਦਰਜ ਕਰਨ ‘ਚ ਦੇਰੀ ਕਿਉਂ ਕੀਤੀ ਗਈ? ਐੱਫ.ਆਈ.ਆਰ. ਨੂੰ ਜਨਤਕ ਨਾ ਕਰਨਾ ਦਰਸਾਉਂਦਾ ਹੈ ਕਿ ਐੱਫ.ਆਈ.ਆਰ. ਕਮਜ਼ੋਰ ਹੈ ਤੇ ਇਹ ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀ ਸ਼ਿਕਾਇਤ ਦੀ ਤਾਈਦ ਨਹੀਂ ਕਰਦੀ।’ ਨਵਜੋਤ ਸਿੱਧੂ ਨੇ ਬ੍ਰਿਜ ਭੂਸ਼ਣ ਨੂੰ ਬਚਾਉਣ ਪਿਛਲੇ ‘ਮੰਤਵ’ ਉੱਤੇ ਵੀ ਉਜ਼ਰ ਜਤਾਇਆ। ਸਾਬਕਾ ਕ੍ਰਿਕਟਰ ਨੇ ਸਵਾਲ ਕੀਤਾ, ‘ਇਰਾਦੇ ‘ਤੇ ਸਵਾਲ ਉੱਠਦਾ ਹੈ ਤੇ ਇਥੇ ਮੰਤਵ ਮੁਲਜ਼ਮ ਨੂੰ ਬਚਾਉਣਾ ਹੈ। ਕੀ ਚੀਜ਼ਾਂ ਨੂੰ ਲੁਕਾਇਆ ਜਾ ਰਿਹੈ? ਜਿਸ ਅਧਿਕਾਰੀ ਨੇ ਐੱਫ.ਆਈ.ਆਰ. ਦਰਜ ਕਰਨ ‘ਚ ਦੇਰੀ ਕੀਤੀ, ਉਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 166 ਅਧੀਨ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਐੱਫ.ਆਈ.ਆੲ. ਦਰਜ ਕਰਨਾ ਉਸ ਦਾ ਫਰਜ਼ ਸੀ। ਸੁਪਰੀਮ ਕੋਰਟ ਵੱਲੋਂ ਲਲਿਤਾ ਕੁਮਾਰੀ ਬਨਾਮ ਯੂ.ਪੀ. ਸਰਕਾਰ ਕੇਸ ਵਿੱਚ ਸੁਣਾਏ ਫ਼ੈਸਲੇ ਮੁਤਾਬਕ ਐੱਫ.ਆਈ.ਆਰ. ਦਰਜ ਨਾ ਕਰਨਾ ਸਜ਼ਾਯੋਗ ਅਪਰਾਧ ਹੈ।’ ਨਵਜੋਤ ਸਿੱਧੂ ਨੇ ਸਵਾਲ ਕੀਤਾ, ‘ਪੋਕਸੋ ਐਕਟ ਤਹਿਤ ਦਰਜ ਕੇਸ ਗੈਰ-ਜ਼ਮਾਨਤੀ ਹਨ।। ਹੁਣ ਤੱਕ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ? ਕੀ ਉੱਚੇ ਅਹੁਦੇ ‘ਤੇ ਬੈਠਿਆਂ ਤੇ ਜ਼ੋਰਾਵਰਾਂ ਲਈ ਵੱਖਰਾ ਕਾਨੂੰਨ ਹੈ?’