ਤਿੰਨ ਸਾਲ ਪਹਿਲਾਂ ਆਈਲਟਸ ਕਰਕੇ ਤੇ ਵਿਆਹ ਕਰਵਾ ਕੇ ਕੈਨੇਡਾ ਆਈ ਇਕ 28 ਸਾਲਾ ਪੰਜਾਬਣ ਨੇ ਬਰੈਂਪਟਨ ’ਚ ਖੁਦਕੁਸ਼ੀ ਕਰ ਲਈ ਹੈ। ਉਹ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਨੇਡ਼ਲੇ ਪਿੰਡ ਖਾਈ ਦੀ ਰਹਿਣ ਵਾਲੀ ਸੀ। ਮਾਪਿਆਂ ਨੇ ਉਸ ਦਾ ਵਿਆਹ ਕਰਕੇ ਕੈਨੇਡਾ ਭੇਜਿਆ ਸੀ। ਉਸ ਦੇ ਆਈਲਟਸ ’ਚੋਂ ਲੋਡ਼ੀਂਦੇ ਬੈਂਡ ਆਉਣ ਮਗਰੋਂ ਵਿਆਹ ਕੀਤਾ ਗਿਆ ਸੀ ਅਤੇ ਮੁੰਡੇ ਵਾਲਿਆਂ ਨੇ ਖਰਚ ਕੀਤਾ ਸੀ। ਜਸਪ੍ਰੀਤ ਕੌਰ ਨਾਂ ਦੀ ਇਸ ਪੰਜਾਬਣ ਨੇ ਤਿੰਨ ਵਾਰ ਆਪਣੇ ਪਤੀ ਦੀ ਵੀਜ਼ਾ ਲਈ ਫਾਈਲ ਲਈ ਪਰ ਤਿੰਨੇ ਵਾਰ ਵੀਜ਼ਾ ਨਹੀਂ ਮਿਲਿਆ। ਪਿੰਡ ਰਹਿੰਦੇ ਜਸਪ੍ਰੀਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਨੇ ਕਿਹਾ ਕਿ ਹੁਣ ਮੁੰਡੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਲੱਖਾਂ ਰੁਪਏ ਦੀ ਰਕਮ ਵਾਪਸ ਮੰਗਣ ਲਈ ਦਬਾਅ ਪਾ ਰਹੇ ਸਨ। ਇਸ ਕਰਕੇ ਸਾਰਾ ਪਰਿਵਾਰ ਪ੍ਰੇਸ਼ਾਨ ਸੀ ਤੇ ਲਡ਼ਕੀ ਵਿਦੇਸ਼ ’ਚ ਇਕੱਲੀ ਹੋਣ ਕਰਕੇ ਹੋਰ ਵੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਦਬਾਅ ਹੇਠ ਚੱਲ ਰਹੀ ਸੀ। ਇਸੇ ਦੇ ਚੱਲਦਿਆਂ ਉਸ ਨੇ ਖੁਦਕੁਸ਼ੀ ਕਰ ਲਈ।