ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਅਤੇ ਰਹਿੰਦੇ ਹੋਏ ਗਾਇਕ ਵਜੋਂ ਦੁਨੀਆਂ ਭਰ ‘ਚ ਪ੍ਰਸਿੱਧੀ ਖੱਟਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰੈਂਪਟਨ ‘ਚ ਕੰਧ ਚਿੱਤਰ ਬਣਾਇਆ ਜਾਵੇਗਾ। ਸਵਾ ਚਾਰ ਮਹੀਨੇ ਪਹਿਲਾਂ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਨੇ ਜ਼ਿੰਦਗੀ ਦੇ ਕੁਝ ਸਾਲ ਬਰੈਂਟਪਨ ‘ਚ ਬਿਤਾਏ ਅਤੇ ਇਥੇ ਹੀ ਸੰਨੀ ਮਾਲਟਨ ਤੇ ਬਿੱਗ ਬਰਡ ਨਾਲ ਮਿਲ ਕੇ ਰਿਲੀਜ਼ ਕੀਤੇ ਗਾਣਿਆਂ ਨਾਲ ਚੁਫੇਰੇ ਧੁੰਮਾਂ ਪਾਈਆਂ। ਇਸ ਤੋਂ ਬਾਅਦ ਉਹ ਵਿਸ਼ਵ ਪ੍ਰਸਿੱਧੀ ਵਾਲਾ ਵੱਡਾ ਸਟਾਰ ਕਲਾਕਾਰ ਬਣ ਗਿਆ। ਬਾਅਦ ‘ਚ ਉਸਨੇ ਆਪਣੇ ਪਿੰਡ ਮੂਸਾ ਵਿਖੇ ਪੱਕੇ ਤੌਰ ‘ਤੇ ਰਹਿਣ ਦਾ ਫ਼ੈਸਲਾ ਕਰ ਲਿਆ ਪਰ ਉਹ ਅਕਸਰ ਬਰੈਂਪਟਨ ਸਮੇਤ ਕੈਨੇਡਾ ਦੇ ਹੋਰ ਸ਼ਹਿਰਾਂ ‘ਚ ਆਉਂਦਾ ਰਿਹਾ। ਭਾਵੇਂ ਉਸਦੇ ਚਾਹੁਣ ਵਾਲੇ ਦੁਨੀਆਂ ਭਰ ‘ਚ ਹਨ ਪਰ ਪੰਜਾਬੀਆਂ ਦੀ ਵੱਧ ਵਸੋਂ ਵਾਲੇ ਸ਼ਹਿਰ ਬਰੈਂਪਟਨ ‘ਚ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ‘ਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ‘ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ ਜਾਵੇਗਾ। ਕੌਂਸਲ ਨੇ ਸਾਮਾਨ ਸਮੇਤ ਸਾਰੇ ਖਰਚਿਆਂ ਲਈ 1500 ਡਾਲਰ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਕੰਧ ਚਿੱਤਰ ਨੂੰ ਯੂਵੀ ਪ੍ਰੋਟੈਕਟਿਕ ਕੋਟਿੰਗ ਨਾਲ ਸੁਰੱਖਿਅਤ ਕੀਤਾ ਜਾਵੇਗਾ ਤੇ ਇਸਦਾ ਸਾਲਾਨਾ ਨਿਰੀਖਣ ਵੀ ਕੀਤਾ ਜਾਇਆ ਕਰੇਗਾ।