ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਬਰੈਂਪਟਨ ਦੀ ਰਹਿਣ ਵਾਲੀ ਪੰਜਾਬੀ ਮੂਲ ਦੀ 21 ਸਾਲ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀਲ ਰੀਜ਼ਨਲ ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਨੂੰ ਰਾਤ ਪੌਣੇ ਗਿਆਰਾਂ ਵਜੇ ਦੇ ਕਰੀਬ ਕਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਨੇੜੇ ਗੈਸ ਸਟੇਸ਼ਨ ‘ਤੇ ਵਾਪਰੀ। ਪੁਲੀਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਮੁਲਾਜ਼ਮ ਪਵਨਪ੍ਰੀਤ ਕੌਰ ਨੂੰ ‘ਕਈ ਗੋਲੀਆਂ’ ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ‘ਚ ਲੈ ਲਈ ਹੈ। ਅਧਿਕਾਰੀ ਇਕ ਪੁਰਸ਼ ਸ਼ੱਕੀ ਦੀ ਭਾਲ ਕਰ ਰਹੇ ਹਨ ਜਿਸਨੂੰ ਕਾਲੇ ਕੱਪੜੇ ਅਤੇ ਦਸਤਾਨੇ ਪਾਏ ਹੋਏ ਦੇਖਿਆ ਗਿਆ ਹੈ। ਪੁਲੀਸ ਨੇ ਇਸ ਨੂੰ ਟਾਰਗੇਟਿਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਹਮਲਾਵਰ ਵਾਰਦਾਤ ਤੋਂ ਬਾਅਦ ਪੈਦਲ ਹੀ ਉਥੋਂ ਭੱਜਣ ‘ਚ ਕਾਮਯਾਬ ਹੋ ਗਿਆ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ 18 ਸਾਲਾ ਸਿੱਖ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਸਰੀ ਦੇ ਹਾਈ ਸਕੂਲ ਵਿਚਲੀ ਪਾਰਕਿੰਗ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਘਟਨਾਵਾ ‘ਚ ਪੰਜਾਬੀ ਮੂਲ ਦੇ ਨੌਜਵਾਨ ਜਾਨ ਗੁਆ ਚੁੱਕੇ ਹਨ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ‘ਚ ਅਜਿਹੇ ਜੁਰਮ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਤੋਂ ਪਰਵਾਸੀ ਪੰਜਾਬੀ ਭਾਈਚਾਰਾ ਚਿੰਤਤ ਹੈ।