ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਫਿਲਾਡੇਲਫੀਆ ਦੇ ਕੇਨਸਿੰਗਟਨ ਇਲਾਕੇ ‘ਚ ਇਕ ਬਾਰ ਦੇ ਬਾਹਰ ਫਾਇਰਿੰਗ ਹੋਈ ਜਿਸ ‘ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਫਾਇਰਿੰਗ ਰਾਤ ਨੂੰ ਈਸਟ ਐਲੇਗੇਨੀ ਅਤੇ ਕੇਨਸਿੰਗਟਨ ਐਵੇਨਿਊ ਦੇ ਇਲਾਕੇ ‘ਚ ਹੋਈ। ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਦੀ ਘਟਨਾ ‘ਚ ਘੱਟੋ-ਘੱਟ 12 ਲੋਕਾਂ ਨੂੰ ਗੋਲੀ ਲੱਗੀ ਹੈ। ਜ਼ਖਮੀਆਂ ਦੀ ਮੌਜੂਦਾ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਹੈ? ਜ਼ਖਮੀ ਲੋਕਾਂ ਨੂੰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਆਧਾਰ ‘ਤੇ ਹਸਪਤਾਲ ਲਿਜਾਇਆ ਗਿਆ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਉੱਤਰੀ ਕੈਰੋਲੀਨਾ ਦੇ ਰਾਲੇਹ ‘ਚ ਹਾਲ ਹੀ ‘ਚ ਹੋਈ ਬੰਦੂਕ ਹਿੰਸਾ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਸੀ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਜ਼ਖਮੀ ਹੋਏ ਸਨ। ਬਾਇਡਨ ਨੇ ਇਕ ਬਿਆਨ ‘ਚ ਕਿਹਾ ਕਿ ਬਹੁਤ ਹੋ ਗਿਆ। ਅਸੀਂ ਬਹੁਤ ਸਾਰੇ ਪਰਿਵਾਰਾਂ ਨਾਲ ਸੋਗ ਪ੍ਰਗਟ ਕੀਤਾ ਅਤੇ ਪ੍ਰਾਰਥਨਾ ਕੀਤੀ, ਜਿਨ੍ਹਾਂ ਨੂੰ ਇਨ੍ਹਾਂ ਸਮੂਹਿਕ ਗੋਲੀਬਾਰੀ ਦਾ ਭਿਆਨਕ ਬੋਝ ਝੱਲਣਾ ਪਿਆ ਹੈ। ਅਮਰੀਕਾ ‘ਚ ਹੋਏ ਸਮੂਹਿਕ ਗੋਲੀਬਾਰੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਬੰਦੂਕ ਦੀ ਹਿੰਸਾ ਇੰਨੀ ਜ਼ਿਆਦਾ ਹੈ ਕਿ ਕਈ ਹੱਤਿਆਵਾਂ ਤਾਂ ਹੁਣ ਖ਼ਬਰਾਂ ਵੀ ਨਹੀਂ ਬਣਦੀਆਂ। ਅਮਰੀਕਾ ਨੂੰ ਸਖ਼ਤ ਬੰਦੂਕ ਨਿਯੰਤਰਣ ਲਗਾਉਣ ਦੀ ਲੋੜ ਹੈ ਅਤੇ ਇਸ ਗੱਲ ‘ਤੇ ਸਖ਼ਤ ਪਾਬੰਦੀ ਲਗਾਉਣੀ ਚਾਹੀਦੀ ਹੈ ਕਿ ਕੌਣ ਹਥਿਆਰ ਖਰੀਦ ਸਕਦਾ ਹੈ ਜਾਂ ਉਸ ਦਾ ਮਾਲਕ ਹੋ ਸਕਦਾ ਹੈ। ਅਮਰੀਕਨ ਕਾਨੂੰਨ ਇਸ ਸਬੰਧ ‘ਚ ਬਹੁਤ ਢਿੱਲੇ ਅਤੇ ਬਹੁਤ ਨਰਮ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘਟਨਾ ਦੇ ਕਈ ਦ੍ਰਿਸ਼ਾਂ ‘ਚ ਫਿਲਾਡੇਲਫੀਆ ‘ਚ ਬਾਰ ਦੇ ਨੇੜੇ ਪੁਲੀਸ ਵਾਹਨ ਖੜ੍ਹੇ ਦਿਖਾਈ ਦਿੱਤੇ ਜਿੱਥੇ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ ਸੀ। ਜੈਕਸ ਬਾਰ ਦੇ ਬਾਹਰ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਫਿਲਾਡੇਲਫੀਆ ਦੇ ਕੇਨਸਿੰਗਟਨ ‘ਚ ਕਈ ਪੁਲੀਸ ਕਰਮਚਾਰੀ ਪਹੁੰਚ ਗਏ। ਫਿਲਾਡੇਲਫੀਆ ਪੁਲੀਸ ਵਿਭਾਗ ਦੇ ਇੰਸਪੈਕਟਰ ਡੀ.ਐਫ. ਪੇਸ ਨੇ ਕਿਹਾ ਕਿ ਪੀੜਤਾਂ ਨੂੰ ਕੇਨਸਿੰਗਟਨ ਅਤੇ ਐਲੇਗੇਨੀ ਐਵੇਨਿਊਜ਼ ਨੇੜੇ ਗੋਲੀ ਮਾਰੀ ਗਈ ਸੀ। ਉਸ ਦੀ ਮੈਡੀਕਲ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਪੁਲਸ ਮੁਤਾਬਕ ਇਹ ਗੋਲੀਬਾਰੀ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ਹੋਈ। ਪੁਲੀਸ ਇਸ ਮਾਮਲੇ ‘ਚ ਅਜੇ ਤੱਕ ਤੁਰੰਤ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ ਅਤੇ ਜਾਂਚ ਕਰ ਰਹੀ ਹੈ।