ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ ਅਤੇ ਹਾਈ ਕੋਰਟ ‘ਚ ਸੁਣਵਾਈ ਦੌਰਾਨ ਕੈਨੇਡਾ ਵੱਸਦੇ ਕੁਝ ਪੰਜਾਬੀ ਮੂਲ ਦੇ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਇਕ ਸਾਲ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਇਸ ਕੇਸ ਦੇ ਤਿੰਨ ਮੁਲਜ਼ਮ ਅਜੇ ਗ੍ਰਿਫ਼ਤਾਰ ਕੀਤੇ ਜਾਣੇ ਬਾਕੀ ਹਨ। ਪੁਲੀਸ ਦੇ ਏ.ਆਈ.ਜੀ. ਵੱਲੋਂ ਦਾਇਰ ਕੀਤੇ ਹਲਫਨਾਮੇ ‘ਚ ਅਦਾਲਤ ਨੂੰ ਦੱਸਿਆ ਕਿ ਨਸ਼ਾ ਤਸਕਰੀ ‘ਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਸ਼ਾਮਲ ਸਾਰੇ ਪੁਲੀਸ ਅਫਸਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਇਹ ਜਾਂਚ ਇਕ ਮਹੀਨੇ ਅੰਦਰ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ, ‘ਇਸ ਜਾਂਚ ਪ੍ਰਕਿਰਿਆ ਦੌਰਾਨ ‘ਸਿਟ’ ਦੀਆਂ ਸਾਰੀਆਂ ਤਿੰਨੇ ਰਿਪੋਰਟਾਂ ਨੂੰ ਧਿਆਨ ‘ਚ ਰੱਖਿਆ ਜਾਵੇਗਾ।’ ਜਦੋਂ ਨਸ਼ਿਆਂ ਨਾਲ ਸਬੰਧਤ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਬੈਂਚ ਨੂੰ ਦੱਸਿਆ ਕਿ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਵੱਲੋਂ ਪੇਸ਼ ਇਕ ਰਿਪੋਰਟ ‘ਚ ਜ਼ਿਕਰ ਕੀਤੀਆਂ ਛੇ ਐੱਫ.ਆਈ.ਆਰਜ਼ ‘ਚ ਜਿਨ੍ਹਾਂ 12 ਮੁਲਜ਼ਮਾਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਦੀ ਹਵਾਲਗੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਸਟਿਸ ਜੀ.ਐੱਸ. ਸੰਧਾਵਾਲੀਆ ਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਦੇ ਬੈਂਚ ਅੱਗੇ ਪੇਸ਼ ਕੀਤੇ ਗਏ ਹਲਫਨਾਮੇ ‘ਚ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਗੌਰਵ ਗਰਗ ਧੁਰੀਵਾਲਾ ਨੇ ਕਿਹਾ ਕਿ ਰਿਪੋਰਟ ‘ਚ ਨਸ਼ਰ ਕੀਤੇ ਤੱਥਾਂ ਦੇ ਆਧਾਰ ‘ਤੇ 20 ਦਸੰਬਰ 2021 ਨੂੰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੁਹਾਲੀ ਦੇ ਥਾਣੇ ‘ਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ‘ਚ ਤਿੰਨ ਹੋਰ ਵਿਅਕਤੀ ਸਤਪ੍ਰੀਤ ਸਿੰਘ ਉਰਫ਼ ਸੱਤਾ, ਪਰਮਿੰਦਰ ਸਿੰਘ ਉਰਫ ਪਿੰਦੀ ਅਤੇ ਅਮਰਿੰਦਰ ਸਿੰਘ ਛੀਨਾ ਉਰਫ ਲਾਡੀ ਛੀਨਾ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 24 ਫਰਵਰੀ 2022 ਨੂੰ ਗ੍ਰਿਫ਼ਤਾਰ ਕੀਤੇ ਗਏ ਬਿਕਰਮ ਸਿੰਘ ਮਜੀਠੀਆ ਨੂੰ 10 ਅਗਸਤ 2022 ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਜਦਕਿ ਬਾਕੀ ਰਹਿੰਦੇ ਤਿੰਨ ਮੁਲਜ਼ਮ ਅਜੇ ਗ੍ਰਿਫ਼ਤਾਰ ਕੀਤੇ ਜਾਣੇ ਬਾਕੀ ਹਨ। ਉਹ ਸਾਰੇ ਇਸ ਸਮੇਂ ਕੈਨੇਡਾ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਕੂਨਰ, ਲਹਿੰਬਰ ਸਿੰਘ, ਪ੍ਰਦੀਪ ਸਿੰਘ ਧਾਲੀਵਾਲ, ਲਾਡੀ ਛੀਨਾ, ਪਿੰਦੀ, ਸਰਬਜੀਤ ਸਿੰਘ ਸੰਦੇੜ, ਨਿਰੰਕਾਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ, ਰਣਜੀਤ ਸਿੰਘ ਔਜਲਾ, ਰਣਜੀਤ ਕੌਰ ਕਾਹਲੋਂ, ਮਦਨ ਲਾਲ ਅਤੇ ਹਰਬੰਸ ਸਿੰਘ ਸਿੱਧੂ ਦੀ ਹਵਾਲਗੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 31 ਮਈ ਨੂੰ ਪਾ ਦਿੱਤੀ ਹੈ। ਕੈਨੇਡਾ ਨਿਵਾਸੀਆਂ ਦੇ ਨਾਂ ਮੁੜ ਹਾਈ ਕੋਰਟ ਦੀ ਸੁਣਵਾਈ ‘ਚ ਸਾਹਮਣੇ ਆਉਣ ਕਰਕੇ ਇਹ ਕੇਸ ਇਕ ਵਾਰ ਫਿਰ ਸੁਰਖੀਆਂ ‘ਚ ਹੈ।