ਸਰਕਾਰ ‘ਤੇ ਕਈ ਗੰਭੀਰ ਦੋਸ਼ ਲਾ ਕੇ ਸ਼ੁਰੂ ਕੀਤੇ ਗਏ ਬਹਿਬਲ ਕਲਾਂ ਬੇਅਦਬੀ ਇਨਸਾਫ਼ ਮੋਰਚੇ ਵੱਲੋਂ ਸੜਕ ਆਵਾਜਾਈ ਠੱਪ ਰੱਖੀ ਗਈ ਹੈ ਅਤੇ ਪ੍ਰਸ਼ਾਸਨ ਇਸ ਨੂੰ ਖੁਲ੍ਹਵਾਉਣ ‘ਚ ਨਾਕਾਮ ਸਾਬਤ ਹੋਇਆ ਹੈ। ਸਰਕਾਰੀ ਪ੍ਰਤੀਨਿਧ ਵਜੋਂ ਐੱਸ.ਡੀ.ਐੱਮ. ਜੈਤੋ ਡਾ. ਨਿਰਮਲ ਓਸੇਪਚਨ ਨੇ ਮੋਰਚੇ ਵਾਲੀ ਥਾਂ ‘ਤੇ ਪੁੱਜ ਕੇ ਆਗੂਆਂ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ, ਪਰ ਮੰਗਾਂ ਦੀ ਪੂਰਤੀ ਤੱਕ ਡਟੇ ਰਹਿਣ ਦੀ ਗੱਲ ਕਹੇ ਜਾਣ ‘ਤੇ ਉਹ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਪਿੰਡ ਬਹਿਬਲ ਕਲਾਂ ਨੇੜੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇਅ ‘ਤੇ ਇਹ ਮੋਰਚਾ ਲੰਬੇ ਅਰਸੇ ਤੋਂ ਜਾਰੀ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਨਾਲ ਮੋਰਚੇ ਦੇ ਆਗੂਆਂ ਵੱਲੋਂ ਕਈ ਪੜਾਵਾਂ ‘ਤੇ ਗੱਲਬਾਤ ਕੀਤੀ ਗਈ ਹੈ। ਇਸ ਮਗਰੋਂ ਮੋਰਚੇ ਦੇ ਆਗੂਆਂ ਨੇ ਸਰਕਾਰ ਨੂੰ 31 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਮੋਰਚੇ ਦੇ ਆਗੂਆਂ ਵੱਲੋਂ 5 ਫਰਵਰੀ ਨੂੰ ਹਾਈਵੇਅ ਦੇ ਦੋਵੇਂ ਪਾਸਿਆਂ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਟਰੱਕ ਯੂਨੀਅਨ ਬਠਿੰਡਾ ਦੇ ਆਗੂਆਂ ਤੇ ਨੇੜਲੇ ਕੁਝ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜਾਮ ਕਾਰਨ ਬਣੀਆਂ ਸਮੱਸਿਆਵਾਂ ਲਈ ਧਰਨਾਕਾਰੀਆਂ ਨੂੰ ਆਵਾਜਾਈ ਖੋਲ੍ਹਣ ਦੀ ਅਪੀਲ ਵੀ ਕੀਤੀ ਗਈ ਹੈ। ਰੋਸ ਪ੍ਰਦਰਸ਼ਨ ਦੌਰਾਨ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ, ਦਲ ਖਾਲਸਾ ਦੇ ਜਨਰਲ ਸਕੱਤਰ ਬਾਬਾ ਹਰਦੀਪ ਸਿੰਘ ਮਹਿਰਾਜ, ਭਾਰਤੀ ਕਿਸਾਨ ਯੂਨੀਅਨ (ਫ਼ਤਹਿ) ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਹਰੀ ਨੌਂ ਅਤੇ ਬਲਾਕ ਫ਼ਰੀਦਕੋਟ ਦੇ ਪ੍ਰਧਾਨ ਸ਼ਰਨਜੀਤ ਸ਼ਰਨੀ ਤੇ ਗੁਰਪ੍ਰੀਤ ਸਿੰਘ ਖਾਲਸਾ ਜਿਊਣਵਾਲਾ ਹਾਜ਼ਰ ਸਨ।