ਲੰਬੇ ਸਮੇਂ ਤੋਂ ਚੱਲ ਰਿਹਾ ਬਹਿਬਲ ਕਲਾ ਬੇਅਦਬੀ ਇਨਸਾਫ ਮੋਰਚਾ ਹੁਣ ਖ਼ਤਮ ਹੋਵੇਗਾ। ਪੁਲੀਸ ਅਧਿਕਾਰੀ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਫਰੀਦਕੋਟ ਅਦਾਲਤ ‘ਚ ਪੇਸ਼ ਕੀਤੇ ਚਲਾਨ ਤੋਂ ਬਾਅਦ ਇਹ ਮੋਰਚਾ ਚੁੱਕਿਆ ਜਾ ਰਿਹਾ ਹੈ। ਇਸ ਚਾਰਜਸ਼ੀਟ ‘ਚ ਦੋਵੇਂ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰ ਕਈ ਨਾਂ ਸ਼ਾਮਲ ਹਨ। ਮੋਰਚੇ ਵੱਲੋਂ 2 ਮਾਰਚ ਨੂੰ ਬਹਿਬਲ ਕਲਾਂ ‘ਚ ਸ਼ੁਕਰਾਨਾ ਸਮਾਗਮ ਤਹਿਤ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਸ ਦੇ 4 ਮਾਰਚ ਨੂੰ ਭੋਗ ਪਾਉਣ ਮਗਰੋਂ ਬਹਿਬਲ ਕਲਾਂ ‘ਚ ਵੱਡਾ ਇਕੱਠ ਕਰਕੇ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ। 5 ਮਾਰਚ ਨੂੰ ਸ਼ੁਕਰਾਨਾ ਮਾਰਚ ਬਹਿਬਲ ਕਲਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ। ਬੇਅਦਬੀ ਇਨਸਾਫ ਮੋਰਚੇ ਵੱਲੋਂ ਇਹ ਫੈਸਲਾ ਪੰਥਕ ਧਿਰਾਂ ਦੀ ਹੋਈ ਸਾਂਝੀ ਬੈਠਕ ‘ਚ ਲਿਆ ਗਿਆ। ਬੇਅਦਬੀ ਇਨਸਾਫ ਮੋਰਚੇ ਦੇ ਆਗੂ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਕੋਟਕਪੂਰਾ ਗੋਲੀ ਕਾਂਡ ਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵੱਲੋਂ ਫਰੀਦਕੋਟ ਦੀ ਕਚਹਿਰੀ ਅੰਦਰ ਦਾਖ਼ਲ ਕੀਤੀ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਡੀ.ਆਈ.ਜੀ. ਅਮਰ ਸਿੰਘ ਚਾਹਿਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸੁਖਮੰਦਰ ਸਿੰਘ ਮਾਨ ਅਤੇ ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ ਨੂੰ ਮੁਲਜ਼ਮ ਵਜੋਂ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਮੁੱਖ ਮੰਗ ਪੂਰੀ ਹੋਈ ਹੈ। ਮੋਰਚਾ ਸਮਾਪਤ ਕਰਨ ਬਾਰੇ ਫਿਲਹਾਲ ਆਗੂਆਂ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਦੱਸਿਆ ਗਿਆ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਮੋਰਚਾ ਚੁੱਕ ਲਿਆ ਜਾਵੇਗਾ। ਦੱਸਣਯੋਗ ਹੈ ਕਿ 2015 ‘ਚ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾ ਗੋਲੀ ਕਾਂਡ ‘ਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।