ਪੰਜਾਬ ਦੇ ਚਰਚਿਤ ਅਤੇ 2015 ‘ਚ ਵਾਪਰੇ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਗੋਲੀ ਕਾਂਡ ਕੇਸ ਦੀ ਸੁਣਵਾਈ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਹੋਣੀ ਸੀ ਪਰ ਸਟੇਟਸ ਰਿਪੋਰਟ ਨਾ ਆਉਣ ਕਾਰਨ ਇਸ ਦੀ ਸੁਣਵਾਈ ਨਹੀ ਹੋਈ। ਅਦਾਲਤ ਨੇ 20 ਮਈ ਤੱਕ ਸੁਣਵਾਈ ਮੁਲਤਵੀ ਕੀਤੀ ਹੈ। ਸੁਣਵਾਈ ਦੌਰਾਨ ਮੋਗਾ ਦੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਤਤਕਾਲੀਨ ਐੱਸ.ਐੱਚ.ਓ. ਬਾਜਾਖਾਨਾ ਅਮਰਜੀਤ ਸਿੰਘ ਕੁਲਾਰ, ਐੱਸ.ਪੀ. ਬਿਕਰਮਜੀਤ ਸਿੰਘ, ਕਾਰੋਬਾਰੀ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਅਦਾਲਤ ‘ਚ ਪੇਸ਼ ਹੋਏ ਜਦੋਂ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਦਾਲਤ ‘ਚ ਪੇਸ਼ ਨਹੀ ਹੋਏ ਉਨ੍ਹਾਂ ਦੀ ਇਸ ਪੇਸ਼ੀ ਲਈ ਹਾਜ਼ਰੀ ਤੋਂ ਛੋਟ ਦਿੱਤੀ ਗਈ। ਇਸ ਮਾਮਲੇ ‘ਚ ਇਨਸਾਫ਼ ਲਈ ਲਗਾਤਾਰ ਸੰਘਰਸ਼ ਚੱਲਦਾ ਰਿਹਾ ਹੈ। ਇਨਸਾਫ਼ ਦਿਵਾਉਣ ਦੇ ਵਾਅਦੇ ਨਾਲ ਪਿਛਲੀ ਕੈਪਟਨ ਸਰਕਾਰ ਸੱਤਾ ‘ਚ ਆਈ ਸੀ ਪਰ ਇਹ ਮਾਮਲਾ ਲਟਕਿਆ ਰਿਹਾ। ਉਪਰੰਤ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਨਾਲ ਚੋਣਾਂ ਸਮੇਂ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਇਹ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ।