ਆਸਟਰੇਲੀਆ ‘ਚ ਭਲਕ ਤੋਂ ਸ਼ੁਰੂ ਹੋਣ ਜਾ ਰਹੇ ਟੀ-20 ਵਰਲਡ ਕੱਪ ‘ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਬਦਲ ਵਜੋਂ ਮੁਹੰਮਦ ਸ਼ੰਮੀ ਦਾ ਮੁੱਖ ਨਾਂ ਸੀ, ਜਿਸ ‘ਤੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੋਹਰ ਲਗਾ ਦਿੱਤੀ ਹੈ। ਬੀ.ਸੀ.ਸੀ.ਆਈ. ਨੇ ਅਧਿਕਾਰਤ ਤੌਰ ‘ਤੇ ਬੁਮਰਾਹ ਦੀ ਜਗ੍ਹਾ ਸ਼ੰਮੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੰਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਦੇ ਆਸਟਰੇਲੀਆ ਜਾਣ ਦੀ ਖ਼ਬਰ ਸੀ। ਇੰਡੀਆ 23 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਟੀ-20 ਵਰਲਡ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਸੀ.ਸੀ.ਆਈ. ਨੇ ਕਿਹਾ ਕਿ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਇੰਡੀਆ ਦੀ ਆਈ.ਸੀ.ਸੀ. ਪੁਰਸ਼ ਟੀ-20 ਵਰਲਡ ਕੱਪ ਟੀਮ ‘ਚ ਜਸਪ੍ਰੀਤ ਬੁਮਰਾਹ ਦੀ ਥਾਂ ਮੁਹੰਮਦ ਸ਼ੰਮੀ ਨੂੰ ਸ਼ਾਮਲ ਕੀਤਾ ਹੈ। ਸ਼ੰਮੀ ਆਸਟਰੇਲੀਆ ਪਹੁੰਚ ਗਿਆ ਹੈ ਅਤੇ ਅਭਿਆਸ ਮੈਚਾਂ ਤੋਂ ਪਹਿਲਾਂ ਬ੍ਰਿਸਬੇਨ ‘ਚ ਟੀਮ ਨਾਲ ਜੁੜ ਜਾਵੇਗਾ। ਇਸ ਦੇ ਨਾਲ ਹੀ ਅੱਗੇ ਕਿਹਾ ਗਿਆ ਹੈ ਕਿ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੂੰ ਬੈਕਅਪ ਦੇ ਤੌਰ ‘ਤੇ ਰੱਖਿਆ ਗਿਆ ਹੈ ਅਤੇ ਉਹ ਜਲਦ ਹੀ ਆਸਟਰੇਲੀਆ ਜਾਣਗੇ। ਜ਼ਿਕਰਯੋਗ ਹੈ ਕਿ ਸਟੈਂਡਬਾਏ ਖਿਡਾਰੀ ਵਜੋਂ ਚੁਣੇ ਗਏ ਦੀਪਕ ਚਾਹਰ ਦੇ ਪਿੱਠ ਦੀ ਸੱਟ ਕਾਰਨ ਪਹਿਲਾਂ ਹੀ ਬਾਹਰ ਹੋਣ ਦੀ ਖ਼ਬਰ ਹੈ। ਦੀਪਕ ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਇੰਡੀਆ ਦੀ ਹਾਲੀਆ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੌਰਾਨ ਸੱਟ ਲੱਗ ਗਈ ਸੀ।