ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਡੋਂ ਬੇਟ ‘ਚ ਸੌ ਸਾਲ ਪੁਰਾਣੀ ਮਸਜਿਦ ਭਾਈਚਾਰਕ ਏਕਤਾ ਦਾ ਪ੍ਰਤੀਕ ਬਣੀ ਹੋਈ ਹੈ ਕਿਉਂਕਿ ਪਿੰਡ ‘ਚ ਕੋਈ ਵੀ ਮੁਸਲਿਮ ਪਰਿਵਾਰ ਨਹੀਂ, ਇਸ ਦੇ ਬਾਵਜੂਦ ਹਿੰਦੂ ਤੇ ਸਿੱਖ ਇਸ ਦੀ ਸੰਭਾਲ ਕਰਦੇ ਹਨ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਹੁਣ ਇਸ ਪਿੰਡ ‘ਚ ਕੋਈ ਵੀ ਮੁਸਲਮਾਨ ਨਹੀਂ ਰਹਿੰਦਾ ਪਰ ਮਸਜਿਦ ‘ਚ ਹਾਲੇ ਵੀ ਦੁਆ ਮੰਗੀ ਜਾਂਦੀ ਹੈ ਅਤੇ ਰੋਜ਼ਾਨਾ ਦੀਵਾ ਜਗਾਇਆ ਜਾਂਦਾ ਹੈ। ਕਈ ਦਹਾਕਿਆਂ ਤੋਂ ਪਿੰਡ ਦੇ ਹਿੰਦੂਆਂ ਤੇ ਸਿੱਖਾਂ ਵੱਲੋਂ ਮਸਜਿਦ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਇਹ ਆਸਥਾ ਦਾ ਪਵਿੱਤਰ ਸਥਾਨ ਹੈ। ਪਿੰਡ ਦੇ 56 ਸਾਲਾ ਵਿਅਕਤੀ ਪ੍ਰੇਮ ਚੰਦ ਨੇ 2009 ‘ਚ ਇਸ ਮਸਜਿਦ ਦੀ ਸਾਂਭ ਸੰਭਾਲ ਦਾ ਜ਼ਿੰਮਾ ਇਕ ਸੂਫੀ ਸੰਤ ਦੇ ਇੰਤਕਾਲ ਤੋਂ ਬਾਅਦ ਸੰਭਾਲਿਆ ਸੀ ਜਿਹੜਾ ਕਈ ਵਰ੍ਹੇ ਇਸ ਸਥਾਨ ਦੀ ਦੇਖਭਾਲ ਕਰਦਾ ਰਿਹਾ। ਪ੍ਰੇਮ ਚੰਦ ਦਿਨ ‘ਚ ਦੋ ਵਾਰ ਮਸਜਿਦ ਜਾਂਦਾ ਹੈ ਅਤੇ ਅਹਾਤੇ ਦੀ ਸਾਫ਼ ਸਫ਼ਾਈ ਕਰਦਾ ਹੈ। ਉਹ ਉਥੇ ਸਿਜਦਾ ਕਰਦਾ ਹੈ ਅਤੇ ਸ਼ਾਮ ਵੇਲੇ ਮਸਜਿਦ ‘ਚ ਦੀਵਾ ਜਗਾਉਣਾ ਕਦੇ ਨਹੀਂ ਭੁੱਲਦਾ। ਪ੍ਰੇਮ ਚੰਦ ਨੇ ਕਿਹਾ, ‘ਇੱਥੇ ਆਉਣ ਤੋਂ ਬਿਨਾਂ ਅਤੇ ਸੂਫੀ ਸੰਤ ਵੱਲੋਂ ਪੜ੍ਹਾਏ ਕੁਝ ਸ਼ਬਦ ਉਚਾਰਨ ਤੋਂ ਬਗ਼ੈਰ ਮੇਰਾ ਦਿਨ ਪੂਰਾ ਦਿਨ ਨਹੀਂ ਹੁੰਦਾ। ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਇਸ ਸਥਾਨ ‘ਚ ਮੇਰਾ ਵਿਸ਼ਵਾਸ ਮੈਨੂੰ ਇਹ ਕਰਮ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ।’ ਵੰਡ ਸਮੇਂ ਇਥੋਂ ਚਲੇ ਗਏ ਮੁਸਲਿਮ ਪਰਿਵਾਰਾਂ ਦੀ ਯਾਦ ‘ਚ ਮਸਜਿਦ ਵਿੱਚ ਤੇ ਹਰ ਸਾਲ ਮਈ ਮਹੀਨੇ ਲੰਗਰ ਲਾਇਆ ਜਾਂਦਾ ਹੈ। ਪਿੰਡ ਵਾਸੀ ਅਮਰੀਕ ਸਿੰਘ ਨੇ ਦੱਸਿਆ, ‘ਲਗਪਗ 50 ਮੁਸਲਿਮ ਪਰਿਵਾਰ ਪਿੰਡ ‘ਚ ਰਹਿੰਦੇ ਸਨ। ਉਹ ਇਥੇ ਰੋਜ਼ਾਨਾ ਨਮਾਜ਼ ਪੜ੍ਹਦੇ ਸਨ। ਹਾਲਾਂਕਿ ਹੁਣ ਪਿੰਡ ‘ਚ ਇਕ ਵੀ ਮੁਸਲਿਮ ਪਰਿਵਾਰ ਨਹੀਂ ਰਹਿੰਦਾ ਅਤੇ ਇਸ ਕਰਕੇ ਅਸੀਂ ਇਸ ਪਵਿੱਤਰ ਸਥਾਨ ਦੀ ਪੂਰੀ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’ ਪਿੰਡ ਦੇ ਸਰਪੰਚ ਗੁਰਪਾਲ ਸਿੰਘ, ਜਿਨ੍ਹਾਂ ਦਾ ਪਰਿਵਾਰ 1947 ‘ਚ ਸਿਆਲਕੋਟ ਤੋਂ ਇਥੇ ਆਇਆ ਸੀ, ਨੇ ਕਿਹਾ, ‘ਅਸੀਂ ਇਸ ‘ਰੱਬ ਦੇ ਘਰ’ ਦੀ ਸਾਂਭ ਸੰਭਾਲ ਕਿਉਂ ਨਹੀਂ ਕਰ ਸਕਦੇ? ਸਾਡੇ ਪਿੰਡ ‘ਚ ਇਕ ਗੁਰਦੁਆਰਾ ਤੇ ਇਕ ਮੰਦਰ ਹੈ ਪਰ ਇਹ ਮਸਜਿਦ ਵੀ ਸਾਡੇ ਲਈ ਬਰਾਬਰ ਅਹਿਮੀਅਤ ਰੱਖਦੀ ਹੈ। ਅਸੀਂ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਕਿਉਂਕਿ ਪ੍ਰਮਾਤਮਾ ਇਕ ਹੈ ਜੋ ਸਾਰੇ ਧਰਮਾਂ ਨੂੰ ਜੋੜਦਾ ਹੈ।’ ਉਨ੍ਹਾਂ ਕਿਹਾ ਕਿ ਲੱਗਪਗ 1920 ‘ਚ ਬਣੀ ਹੋਣ ਕਾਰਨ ਇਹ ਮਸਜਿਦ ਪੁਰਾਤੱਤਵ ਅਹਿਮੀਅਤ ਵਾਲੀ ਜਗ੍ਹਾ ਹੈ। ਸਰਪੰਚ ਨੇ ਕਿਹਾ, ‘ਪਿੰਡ ਵੱਲੋਂ ਮਸਜਿਦ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਪਿੰਡ ਦੇ ਸਿੱਖ ਤੇ ਹਿੰਦੂ ਪਰਿਵਾਰ ਮਿਲ ਕੇ ਮਸਜਿਦ ਦੀ ਸੰਭਾਲ ਕਰਦੇ ਹਨ।