‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਸ਼ੁਰੂ ਕੀਤਾ ਹੈ ਪਰ ਫਗਵਾੜਾ ‘ਚ ਇਹੋ ਜਨਤਾ ਦੀ ਖੁਆਰੀ ਦਾ ਕਾਰਨ ਬਣ ਗਿਆ। ਹੋਟਲ ‘ਚ ਰੱਖੇ ਗਏ ਸਮਾਗਮ ‘ਸਰਕਾਰ ਤੁਹਾਡੇ ਦੁਆਰ’ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਢੇ ਚਾਰ ਘੰਟੇ ਦੀ ਦੇਰੀ ਨਾਲ ਪੁੱਜੇ ਜਦਕਿ ਲੋਕ ਭੁੱਖੇ-ਪਿਆਸੇ ਉਨ੍ਹਾਂ ਦੀ ਉਡੀਕ ਕਰਦੇ ਰਹੇ। ਜਾਣਕਾਰੀ ਅਨੁਸਾਰ ਸਮਾਗਮ ਦਾ ਸਮਾਂ 12 ਵਜੇ ਦਾ ਸੀ, ਪਰ ਭਗਵੰਤ ਮਾਨ 4.40 ‘ਤੇ ਪੁੱਜੇ। ਉਦੋਂ ਤੱਕ ਵੱਡੀ ਗਿਣਤੀ ਲੋਕ ਉਡੀਕ ਕਰਨ ਮਗਰੋਂ ਵਾਪਸ ਜਾ ਚੁੱਕੇ ਸਨ। ਸਮਾਗਮ ‘ਚ ਪਹੁੰਚਣ ਵਾਲਿਆਂ ਲਈ ਸਰਕਾਰ ਵੱਲੋਂ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਕਈ ਯੂਨੀਅਨ ਆਗੂਆਂ ਦੇ ਨੁਮਾਇੰਦਿਆਂ ਨੇ ਬਾਹਰੋਂ ਮੁੱਲ ਦਾ ਪਾਣੀ ਲਿਆ ਕੇ ਆਪਣੇ ਸਾਥੀਆਂ ‘ਚ ਵੰਡਿਆ। ਦੂਜੇ ਪਾਸੇ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਇਸ ਸਮਾਗਮ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਤੋਂ ਵਾਂਝੇ ਰਹਿ ਗਏ। ਜਾਣਕਾਰੀ ਅਨੁਸਾਰ ਜਲੰਧਰ ‘ਚ ਕੈਬਨਿਟ ਦੀ ਮੀਟਿੰਗ ਖ਼ਤਮ ਹੋਣ ਮਗਰੋਂ ਮੁੱਖ ਮੰਤਰੀ ਇਸ ਸਮਾਗਮ ‘ਚ ਪੁੱਜੇ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਮਗਰੋਂ ਸਰਕਾਰ ਨੇ ਸੁਸ਼ੀਲ ਰਿੰਕੂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ। ਉਨ੍ਹਾਂ ਪਾਰਟੀ ਵਰਕਰਾਂ ਤੇ ਚੋਣਾਂ ਦੌਰਾਨ ਹਰ ਪੱਧਰ ‘ਤੇ ਜ਼ਿੰਮੇਵਾਰੀ ਨਿਭਾਉਣ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਵਰਕਰ ਦਾ ਸਨਮਾਨ ਕੀਤਾ ਜਾਵੇਗਾ ਤੇ ਅਹੁਦਿਆਂ ਦੀਆਂ ਨਿਯੁਕਤੀਆਂ ਦੌਰਾਨ ਆਮ ਲੋਕਾਂ ਨੂੰ ਕੁਰਸੀਆਂ ‘ਤੇ ਬਿਠਾਇਆ ਜਾਵੇਗਾ।