ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ‘ਚੋਂ ਦਸ ਮਹੀਨੇ ਬਾਅਦ ਹੋਈ ਰਿਹਾਈ ਮਗਰੋਂ ਪਹਿਲੀ ਵਾਰ ਜਲੰਧਰ ਪੁੱਜੇ। ਇਸ ਸਮੇਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰੱਗ ਤੇ ਮਾਫੀਆ ਸਮੇਤ ਪੰਜਾਬ ਨਾਲ ਜੁੜੇ ਹਰ ਮੁੱਦੇ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੁਫੇਰੇ ਮਾਫੀਆ ਰਾਜ ਹੈ ਜਿਸ ਦੇ ਚੱਲਦਿਆਂ ਮੁੱਖ ਮੰਤਰੀ ਵੱਲੋਂ ਇਕੱਲੀ ਇਮਾਨਦਾਰੀ ਦਾ ਢਿੰਡੋਰਾ ਪਿੱਟਣਾ ਕਿਸ ਕੰਮ ਦਾ। ਇਸੇ ਤਰ੍ਹਾਂ ਡਰੱਗ ਦੇ ਮੁੱਦੇ ‘ਤੇ ਦਾਅਵੇ ਠੋਕਣ ਵਾਲੇ ਭਗਵੰਤ ਮਾਨ ਦੀ ਆਪਣੀ ਸਰਕਾਰ ਦੇ ਰਾਜ ‘ਚ ਨਸ਼ਾ ਹੋਰ ਪੈਰ ਪਸਾਰ ਗਿਆ ਹੈ ਜਿਸ ਬਾਰੇ ਹੁਣ ਸਰਕਾਰ ਚੁੱਪ ਵੱਟੀ ਬੈਠੀ ਹੈ। ਨਵਜੋਤ ਸਿੱਧੂ ਜਲੰਧਰ ‘ਚ ਚੌਧਰੀ ਪਰਿਵਾਰ ਦੇ ਗ੍ਰਹਿ ਵਿਖੇ ਚੌਧਰੀ ਸੰਤੋਖ ਸਿੰਘ ਦੀ ਬੇਵਕਤੀ ਮੌਤ ‘ਤੇ ਦੁੱਖ ਸਾਂਝਾ ਕਰਨ ਪੁੱਜੇ ਸਨ। ਉਨ੍ਹਾਂ ਇਸ ਸਮੇਂ ਚੌਧਰੀ ਸੰਤੋਖ ਸਿੰਘ ਦੀ ਵਿਧਵਾ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨਾਲ ਵੀ ਕੁਝ ਸਮਾਂ ਬਿਤਾਇਆ। ਆਪਣੀ ਕਰਮਭੂਮੀ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਉਹ ਜਲੰਧਰ ਰੁਕੇ ਸਨ ਅਤੇ ਇਸ ਸਮੇਂ ਸਾਬਕਾ ਮੰਤਰੀ ਪਰਗਟ ਸਿੰਘ, ਰਜਿੰਦਰ ਬੇਰੀ, ਬਾਵਾ ਹੈਨਰੀ, ਡਾ. ਨਵਜੋਤ ਸਿੰਘ ਦਹੀਆ, ਬਿਕਰਮ ਚੌਧਰੀ ਸਮੇਤ ਹੋਰ ਕਾਂਗਰਸੀ ਮੌਜੂਦ ਸਨ। ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਮ ‘ਤੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਹੈ। ਪੰਜਾਬ ਦੇ ਲੋਕਾਂ ਨਾਲ ਨਸ਼ੇ ਨੂੰ ਖਤਮ ਕਰਨ, ਰੇਤ ਮਾਫੀਆ ਨੂੰ ਨੱਥ ਪਾਉਣ ਆਦਿ ਕਈ ਵਾਅਦੇ ਕੀਤੇ ਸਨ ਪਰ ਉਹ ਨਿਰਾ ਝੂਠ ਸੀ। ਸਰਕਾਰ ‘ਤੇ ਨਿਸ਼ਾਨੇ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ‘ਚ ਮਾਫੀਆ ਹੁਣ ਪਹਿਲਾਂ ਨਾਲੋਂ ਵੀ ਜਿਆਦਾ ਤਗੜਾ ਹੋ ਗਿਆ ਹੈ ਤੇ ਇਸ ਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੇ ਪੰਜਾਬ ਪਰਤ ਆਉਣ ਅਤੇ ਇਥੇ ਨੌਕਰੀਆਂ ਤੇ ਕਾਰੋਬਾਰ ਕਰਨ ਦੇ ਲੰਮੇ ਚੌੜੇ ਦਾਅਵੇ ਕਰਦੇ ਹਨ ਜਦਕਿ ਉਨ੍ਹਾਂ ਦਾ ਆਪਣਾ ਪੁੱਤ ਅਤੇ ਧੀ ਵਿਦੇਸ਼ ‘ਚ ਰਹਿੰਦੇ ਹਨ। ਮੁੱਖ ਮੰਤਰੀ ਦੇ ਇਸ ਦਾਅਵੇ ਨੂੰ ਇਕ ਹੋਰ ਕੋਰਾ ਝੂਠ ਦੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਵਿਦੇਸ਼ਾਂ ‘ਚ ਸਥਾਪਤ ਹੋ ਗਏ ਪੰਜਾਬੀ ਬੱਚੇ ਮਾਪਿਆਂ ਨੂੰ ਪੰਜਾਬ ‘ਚੋਂ ਸਾਰਾ ਕੁਝ ਵੇਚ ਵੱਟ ਕੇ ਓਧਰ ਸੱਦ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਕਰਨ, ਰੁਜ਼ਗਾਰ ਦੇ ਵਧੇਰੇ ਮੌਕੇ ਦੇਣ, ਕਾਰੋਬਾਰ ਲਈ ਭ੍ਰਿਸ਼ਟਾਚਾਰ ਮੁਕਤ ਪ੍ਰਬੰਧ ਦੇਣ ਅਤੇ ਨਸ਼ਿਆਂ ਨੂੰ ਠੱਲ੍ਹ ਪਾ ਕੇ ਖੁਸ਼ਗਵਾਰ ਮਾਹੌਲ ਦੇਣ ਨਾਲ ਹੀ ਸੰਭਵ ਹੈ, ਜਿਸ ‘ਚ ਮੌਜੂਦਾ ਸਰਕਾਰ ਨਾਕਾਮ ਸਾਬਤ ਹੋਈ ਹੈ।