ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਪਾਰਟੀ ‘ਚ ਸ਼ਾਮਲ ਕੀਤੇ ਸਾਬਕਾ ਅਕਾਲੀ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ‘ਤੇ ਦਾਅ ਖੇਡਿਆ ਹੈ। ਅਟਵਾਲ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ। ਚਰਨਜੀਤ ਸਿੰਘ ਅਟਵਾਲ ਇਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਪਰ ਪਿਛਲੇ ਕੁਝ ਸਮੇਂ ਤੋਂ ਨਾਰਾਜ਼ ਚੱਲ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਇੰਦਰ ਇਕਬਾਲ ਸਿੰਘ ਅਟਵਾਲ ਦੇ ਨਾਂ ਦਾ ਐਲਾਨ ਕੀਤਾ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ ਕਿ ਕਿਸ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਦਾ ਹੈ। ਭਾਜਪਾ ਵੱਲੋਂ ਐਲਾਨੇ ਉਮੀਦਵਾਰ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਕਿਸੇ ਸਮੇਂ ਇਸ ਲੋਕ ਸਭਾ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਹਲਕੇ ‘ਚ ਰਸੂਖ਼ ਦੱਸਿਆ ਜਾ ਰਿਹਾ ਹੈ। ਕਾਂਗਰਸ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਜੋ ਕਾਫੀ ਮਜ਼ਬੂਤ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਚੌਧਰੀ ਸੰਤੋਖ ਸਿੰਘ ਦੀ ਅਚਨਚੇਤ ਮੌਤ ਕਾਰਨ ਹਮਦਰਦੀ ਦੀ ਵੋਟ ਮਿਲਣ ਦੀ ਵੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਜਦਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਉਮੀਦਵਾਰ ਬਣਾਇਆ ਹੈ।