ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਭਾਜਪਾ ਵਿਧਾਇਕ ਹਾਰਦਿਕ ਪਟੇਲ ਖ਼ਿਲਾਫ਼ 2017 ਦੇ ਇਕ ਮਾਮਲੇ ‘ਚ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਉਨ੍ਹਾਂ ਖ਼ਿਲਾਫ਼ ਇਕ ਸਰਕਾਰੀ ਹੁਕਮ ਦੀ ਉਲੰਘਣਾ ਦਾ ਦੋਸ਼ ਹੈ। ਪਟੇਲ ਨੇ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਸਰਕਾਰੀ ਹੁਕਮ ਦੀ ਉਲੰਘਣਾ ਕਰਦਿਆਂ ਜ਼ਿਲ੍ਹੇ ਦੇ ਇਕ ਪਿੰਡ ‘ਚ ਸਿਆਸੀ ਭਾਸ਼ਣ ਦਿੱਤਾ ਸੀ। ਧਰਾਂਗਧਰਾ ਦੇ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਡੀ.ਡੀ. ਸ਼ਾਹ ਨੇ ਅਦਾਲਤ ‘ਚ ਪੇਸ਼ ਹੋਣ ਤੋਂ ਅਸਫਲ ਰਹਿਣ ‘ਤੇ ਪਟੇਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਦੋ ਫਰਵਰੀ ਨੂੰ ਜਾਰੀ ਵਾਰੰਟਾਂ ਰਾਹੀਂ ਅਦਾਲਤ ਨੇ ਸੁਰੇਂਦਰਨਗਰ ਜ਼ਿਲ੍ਹੇ ‘ਚ ਧਰਾਂਗਧਰਾ ਤਾਲੁਕਾ ਥਾਣੇ ਦੇ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਪਟੇਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਥਾਣੇ ‘ਚ ਹੁਕਮ 11 ਫਰਵਰੀ ਨੂੰ ਪ੍ਰਾਪਤ ਹੋਏ ਹਨ। ਯਾਦ ਰਹੇ ਕਿ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਲ ਹੋਏ ਅਤੇ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਛਾਣ ਰਿਜ਼ਰਵੇਸ਼ਨ ਲਈ ਇਕ ਅੰਦੋਲਨ ਸ਼ੁਰੂ ਕਰਨ ਵਾਲੇ ਆਗੂ ਦੀ ਸੀ।