ਇੰਡੀਆ ‘ਚ ਅਗਲੇ ਸਾਲ ਦੀਆਂ ਆਮ ਚੋਣਾਂ ‘ਚ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੇ ਇਰਾਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਆਪਣੀ ਹਮਰੁਤਬਾ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਹੋਈ ਬੈਠਕ ਨੂੰ ‘ਸਕਾਰਾਤਮਕ’ ਦੱਸਿਆ ਗਿਆ ਹੈ। ਬੈਠਕ ਦੌਰਾਨ ਬੈਨਰਜੀ ਨੇ ਕੁਮਾਰ ਨੂੰ ਕਿਹਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਮਿਲ ਬੈਠ ਕੇ ਤਿਆਰੀਆਂ’ ਕਰਨ ਲਈ ਆਪਣੇ ਪਿੱਤਰੀ ਰਾਜ ਤੇ ਜੈਪ੍ਰਕਾਸ਼ ਦੇ ਬਿਹਾਰ ਤੋਂ ਸਰਬ ਪਾਰਟੀ ਰਣਨੀਤੀ ਇਜਲਾਸ ਸੱਦਣ। ਇਹ ਬੰਦ ਕਮਰਾ ਮੀਟਿੰਗ ਚਾਰ ਘੰਟੇ ਦੇ ਕਰੀਬ ਚੱਲੀ ਤੇ ਇਸ ਮੌਕੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਨਿਤੀਸ਼ ਕੁਮਾਰ ਮਗਰੋਂ ਲਖਨਊ ‘ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਵੀ ਮਿਲੇ। ਕੁਮਾਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕਰ ਦਿੱਤਾ ਕਿ ਉਹ ਏਕੇ ਦੀਆਂ ਕੋਸ਼ਿਸ਼ਾਂ ਕਿਸੇ ਅਹੁਦੇ ਲਈ ਨਹੀਂ ਬਲਕਿ ਦੇਸ਼ ਦੇ ਭਲੇ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਇਤਿਹਾਸ ਬਦਲਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਨਿਤੀਸ਼ ਕੁਮਾਰ ਨੇ ਪੱਛਮੀ ਬੰਗਾਲ ਦੇ ਸੂਬਾਈ ਸਕੱਤਰੇਤ ਨਬਾਨਾ ‘ਚ ਹੋਈ ਬੈਠਕ ਉਪਰੰਤ ਕਿਹਾ, ‘ਇਹ ਸਕਾਰਾਤਮਕ ਵਿਚਾਰ ਚਰਚਾ ਸੀ। ਵਿਰੋਧੀ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਤੇ ਅਗਲੇਰੀ ਰਣਨੀਤੀ ਘੜਨ ਦੀ ਲੋੜ ਹੈ।’ ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘ਸਾਨੂੰ ਇਹ ਸੁਨੇਹਾ ਦੇਣਾ ਹੋਵੇਗਾ ਕਿ ਅਸੀਂ ਸਾਰੇ ਇਕਜੁੱਟ ਹਾਂ।’ ਸੂਤਰਾਂ ਨੇ ਕਿਹਾ ਕਿ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਵਿਰੋਧੀ ਧਿਰਾਂ ਦਰਮਿਆਨ ਆਮ ਸਹਿਮਤੀ ਬਣਾਉਣ ਦੇ ਨਾਲ ਚੋਣਾਂ ਤੋਂ ਪਹਿਲਾਂ ਇਨ੍ਹਾਂ ਨੂੰ ਇਕ ਮੰਚ ‘ਤੇ ਲਿਆਉਣ ਬਾਰੇ ਚਰਚਾ ਕੀਤੀ। ਕੁਮਾਰ ਨੇ ਦਾਅਵਾ ਕੀਤਾ, ‘ਇੰਡੀਆ ਦੇ ਵਿਕਾਸ ਲਈ ਹੁਣ ਤੱਕ ਕੁਝ ਨਹੀਂ ਕੀਤਾ ਗਿਆ, ਸੱਤਾ ਧਿਰ ਸਿਰਫ਼ ਆਪਣੀ ਹੀ ਇਸ਼ਤਿਹਾਰਬਾਜ਼ੀ ‘ਚ ਦਿਲਚਸਪੀ ਰੱਖਦੀ ਹੈ।’ ਮਮਤਾ ਨੇ ਕਿਹਾ, ‘ਮੈਂ ਨਿਤੀਸ਼ ਕੁਮਾਰ ਨੂੰ ਇਕ ਗੁਜ਼ਾਰਿਸ਼ ਕੀਤੀ ਹੈ। ਜੈਪ੍ਰਕਾਸ਼ ਜੀ ਦਾ ਅੰਦੋਲਨ ਬਿਹਾਰ ਤੋਂ ਸ਼ੁਰੂ ਹੋਇਆ ਸੀ। ਜੇਕਰ ਬਿਹਾਰ ‘ਚ ਸਰਬ-ਪਾਰਟੀ ਮੀਟਿੰਗ ਹੋਵੇ ਤਾਂ ਅਸੀਂ ਫੈਸਲਾ ਕਰ ਸਕਦੇ ਹਾਂ ਕਿ ਅੱਗੇ ਕਿਸ ਦਿਸ਼ਾ ਵੱਲ ਜਾਣਾ ਹੈ।’ ਉਨ੍ਹਾਂ ਕਿਹਾ, ‘ਮੈਂ ਭਾਜਪਾ ਨੂੰ ਜ਼ੀਰੋ ਬਣਾਉਣਾ ਚਾਹੁੰਦੀ ਹਾਂ। ਮੀਡੀਆ ਦੀ ਹਮਾਇਤ ਤੇ ਝੂਠ ਦੇ ਸਿਰ ‘ਤੇ ਉਹ ਵੱਡੇ ਹੀਰੋ ਬਣ ਗਏ ਹਨ।’ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਨਿਤੀਸ਼ ਨੇ ਦਿੱਲੀ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਸੀ।