ਇੰਡੋ-ਅਮਰੀਕਨ ਮੂਲ ਦੀ ਸਿਆਸਤਦਾਨ ਅਰੁਣਾ ਮਿਲਰ (58) ਨੇ ਅਮਰੀਕੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਰਾਜ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਕੇ ਇਤਿਹਾਸ ਸਿਰਜ ਦਿੱਤਾ ਹੈ। ਮੈਰੀਲੈਂਡ ਹਾਊਸ ਦੀ ਸਾਬਕਾ ਡੈਲੀਗੇਟ ਅਰੁਣਾ ਡੈਮਕੋਰੈਟਿਕ ਪਾਰਟੀ ਵੱਲੋਂ ਸੂਬੇ ਦੀ 10ਵੀਂ ਉਪ ਰਾਜਪਾਲ ਹੈ। ਉਪ ਰਾਜਪਾਲ ਕਿਸੇ ਸੂਬੇ ‘ਚ ਰਾਜਪਾਲ ਮਗਰੋਂ ਦੂਜਾ ਵੱਡਾ ਸਰਕਾਰੀ ਅਹੁਦਾ ਹੈ। ਅਰੁਣਾ ਨੇ ਇਹ ਨਵੀਂ ਜ਼ਿੰਮੇਵਾਰੀ ਅਜਿਹੇ ਮੌਕੇ ਸੰਭਾਲੀ ਹੈ ਜਦੋਂ ਰਾਜਪਾਲ ਸੂਬੇ ‘ਚੋਂ ਬਾਹਰ ਹੈ ਜਾਂ ਫਿਰ ਅਯੋਗ ਹੈ। ਇੰਡੀਆ ਦੇ ਆਂਧਰਾ ਪ੍ਰਦੇਸ਼ ਜ਼ਿਲ੍ਹੇ ‘ਚ ਜਨਮੀ ਅਰੁਣਾ ਨੇ ਆਪਣੀ ਉਦਘਾਟਨੀ ਤਕਰੀਰ ‘ਚ ਆਪਣੇ ਪਰਿਵਾਰ ਦਾ ਵੀ ਜ਼ਿਕਰ ਕੀਤਾ। ਅਰੁਣਾ ਨੇ ਕਿਹਾ ਕਿ ਉਹ ਸੱਤ ਸਾਲ ਦੀ ਸੀ ਜਦੋਂ ਉਸ ਦੇ ਪਰਿਵਾਰ ਨੇ ਅਮਰੀਕਾ ‘ਚ ਪਰਵਾਸ ਕੀਤਾ ਸੀ। ਹਲਫ਼ਦਾਰੀ ਸਮਾਗਮ ਮੌਕੇ ਅਰੁਣਾ ਦਾ ਪੂਰਾ ਪਰਿਵਾਰ, ਨਵੇਂ ਰਾਜਪਾਲ ਵੈਸ ਮੂਰ ਤੇ ਸੂਬਾਈ ਕਾਨੂੰਨਸਾਜ਼ ਮੌਜੂਦ ਸਨ। ਮੂਰ ਮੈਰੀਲੈਂਡ ਦੇ 63ਵੇਂ ਰਾਜਪਾਲ ਹਨ ਅਤੇ ਸੂਬੇ ਦੇ ਪਹਿਲੇ ਤੇ ਦੇਸ਼ ਦੇ ਇਕੋ ਇਕ ਮੌਜੂਦਾ ਸਿਆਹਫ਼ਾਮ ਮੁੱਖ ਕਾਰਜਕਾਰੀ ਹਨ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਹੀ ਵਿਵੇਕ ਮਲਕ ਨੇ ਖਜ਼ਾਨਚੀ ਵਜੋਂ ਸਹੁੰ ਚੁੱਕੀ। ਦੋਵਾਂ ਨੇ ਇਨ੍ਹਾਂ ਸੂਬਿਆਂ ‘ਚ ਅਹੁਦੇ ਦੀ ਸਹੁੰ ਚੁੱਕਣ ਵਾਲੇ ਪਹਿਲੇ ਕਾਲੇ ਬਣ ਕੇ ਇਤਿਹਾਸ ਰਚਿਆ।