ਓਹੀਓ ਸੂਬੇ (ਅਮਰੀਕਾ) ‘ਚ ਦੋ ਭਾਰਤੀ ਮੂਲ ਦੇ ਅਮਰੀਕਨ ਵਿਅਕਤੀਆਂ ਸਮੇਤ ਤਿੰਨ ਲੋਕਾਂ ‘ਤੇ ਲਗਭਗ 20,000 ਡਾਲਰ ਮੁੱਲ ਦੀ ਚੋਰੀ ਦੀ ਬੀਅਰ ਖਰੀਦਣ ਅਤੇ ਵੇਚਣ ਦੇ ਦੋਸ਼ ਲੱਗੇ ਹਨ। ਰਿਪੋਰਟ ਮੁਤਾਬਕ ਕੇਤਨ ਕੁਮਾਰ ਅਤੇ ਪੀਯੂਸ਼ ਕੁਮਾਰ ਪਟੇਲ ਨੂੰ ਇਸ ਹਫਤੇ ਮਹੋਨਿੰਗ ਕਾਉਂਟੀ ਕਾਮਨ ਪਲੀਜ਼ ਕੋਰਟ ‘ਚ ਚੋਰੀ ਦੀ ਬੀਅਰ ਪ੍ਰਾਪਤ ਕਰਨ ਦੇ ਦੋਸ਼ ‘ਚ ਪੇਸ਼ ਕੀਤਾ ਗਿਆ। ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪਟੇਲ ਪਰਿਵਾਰ ਯੰਗਸਟਾਊਨ ਦੇ ਵੈਸਟ ਸਾਈਡ ‘ਤੇ ਮਾਹੋਨਿੰਗ ਐਵੇਨਿਊ ‘ਤੇ ਸ਼ੈਨਲੇ ਕੈਰੀ ਆਉਟ ਅਤੇ ਲੱਕੀ ਫੂਡ ਡਰਾਈਵ ਥਰੂ ਦਾ ਸੰਚਾਲਨ ਕਰਦਾ ਸੀ। ਉਨ੍ਹਾਂ ‘ਤੇ ਬੀਅਰ ਖਰੀਦਣ ਅਤੇ ਵੇਚਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੂੰ ਕਥਿਤ ਤੌਰ ‘ਤੇ ਯੰਗਸਟਾਊਨ ਦੇ 37 ਸਾਲਾ ਰੋਨਾਲਡ ਪੇਜ਼ੁਓਲੋ ਨੇ ਆਰ ਐਲ ਲਿਪਟਨ ਡਿਸਟ੍ਰੀਬਿਊਟਰਸ ਤੋਂ ਚੋਰੀ ਕੀਤਾ ਸੀ, ਜਿੱਥੇ ਪੇਜ਼ੁਓਲੋ ਪਿਛਲੇ ਸਾਲ ਕੰਮ ਕਰਦਾ ਸੀ। ਸਰਕਾਰੀ ਵਕੀਲਾਂ ਅਨੁਸਾਰ ਆਰ ਐਲ ਲਿਪਟਨ ਦੇ ਸੰਚਾਲਕਾਂ ਨੇ ਗੁੰਮ ਹੋਏ ਉਤਪਾਦ ਨੂੰ ਦੇਖਿਆ ਅਤੇ ਪੁਲੀਸ ਨਾਲ ਸੰਪਰਕ ਕੀਤਾ। ਸਹਾਇਕ ਪ੍ਰੌਸੀਕਿਊਟਰ ਮਾਈਕ ਯਾਕੋਵੋਨ ਨੇ ਦੱਸਿਆ ਕਿ ਚੋਰੀ ਹੋਈ ਬੀਅਰ ਦੀ ਕੀਮਤ ਲਗਭਗ 20,000 ਡਾਲਰ ਹੈ। ਜਦੋਂ ਕਿ ਪੇਜ਼ੂਓਲੋ ‘ਤੇ ਚੋਰੀ ਦਾ ਦੋਸ਼ ਹੈ, ਉਥੇ ਪਟੇਲ ‘ਤੇ ਚੋਰੀ ਦੀ ਜਾਇਦਾਦ ਪ੍ਰਾਪਤ ਕਰਨ ਦਾ ਦੋਸ਼ ਹੈ। ਤਿੰਨਾਂ ਨੂੰ ਅਗਲੇ ਮਹੀਨੇ ਮੁੱਢਲੀ ਅਦਾਲਤੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ।