ਭਾਰਤੀ ਮੂਲ ਦੇ ਪ੍ਰੋਫੈਸਰ ਅਰਵਿੰਦ ਰਮਨ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ‘ਚ ਸਥਿਤ ਪਰਡਿਊ ਯੂਨੀਵਰਸਿਟੀ ਦੇ ਵੱਕਾਰੀ ਕਾਲਜ ਆਫ ਇੰਜੀਨੀਅਰਿੰਗ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਤੋਂ ਗ੍ਰੈਜੂਏਟ ਰਮਨ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਕਾਰਜਕਾਰੀ ਉਪ ਪ੍ਰਧਾਨ ਪੈਟਰਿਕ ਵੌਲਫ ਨੇ ਡੀਨ ਦਾ ਨਿਯੁਕਤੀ ਪੱਤਰ ਸੌਂਪਿਆ। ਇਕ ਬਿਆਨ ‘ਚ ਵੌਲਫ ਨੇ ਕਿਹਾ ਕਿ ਪ੍ਰੋਫੈਸਰ ਰਮਨ ਲੋਕਾਂ ਅਤੇ ਸਮਾਜ ਲਈ ਤਾਜ਼ਾ ਹੱਲ ਤਿਆਰ ਕਰਨ ‘ਚ ਇੰਜੀਨੀਅਰਿੰਗ ਦੀ ਭੂਮਿਕਾ ਸਬੰਧੀ ਜਨੂਨੀ ਹਨ। ਸਾਨੂੰ ਭਰੋਸਾ ਹੈ ਕਿ ਸਾਡੇ ਅਗਲੇ ਇੰਜਨੀਅਰਿੰਗ ਡੀਨ ਵਜੋਂ ਉਹ ਕਾਲਜ ਨੂੰ ਉਤਮਤਾ ਅਤੇ ਪ੍ਰਭਾਵ ਦੇ ਨਵੇਂ ਪੱਧਰਾਂ ‘ਤੇ ਲੈ ਜਾਣਗੇ। ਰਮਨ ਦਾ ਕਾਰਜਕਾਲ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਹ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਦੇ ਪ੍ਰੋਫੈਸਰ ਮਾਰਕ ਲੁੰਡਸਟ੍ਰੋਮ ਦੀ ਥਾਂ ਲੈਣਗੇ। ਰਮਨ ਨੇ ਕਿਹਾ ਕਿ ਇਕ ਸ਼ਾਨਦਾਰ ਵਿਰਾਸਤ ਅਤੇ ਵਿਸ਼ਵ ਪੱਧਰ ‘ਤੇ ਨਵੀਨਤਾ ਅਤੇ ਪ੍ਰਭਾਵ ਦੇ ਰਿਕਾਰਡ ਦੇ ਨਾਲ ਦੇਸ਼ ਦੇ ਸਭ ਤੋਂ ਵੱਡੇ ਉੱਚ ਦਰਜੇ ਦੇ ਇੰਜੀਨੀਅਰਿੰਗ ਕਾਲਜ ਦੀ ਅਗਵਾਈ ਕਰਨ ਲਈ ਚੁਣਿਆ ਜਾਣਾ ਸੱਚਮੁੱਚ ਇਕ ਸਨਮਾਨ ਦੀ ਗੱਲ ਹੈ।