ਮੰਤਰੀ ਪੱਧਰ ਦੀ ਸੰਚਾਲ ਲਈ ਆਪਣੀ ਨਿੱਜੀ ਈ-ਮੇਲ ਦਾ ਇਸਤੇਮਾਲ ਕਰਨ ਦੀ ‘ਗਲਤੀ’ ਤੋਂ ਬਾਅਦ ਭਾਰਤੀ ਮੂਲ ਦੀ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਲੰਡਨ ‘ਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬ੍ਰੇਵਰਮੈਨ ਨੇ ਮੰਤਰਾਲੇ ਨਾਲ ਸਬੰਧਤ ਮਸਲੇ ਬਾਰੇ ਈਮੇਲ ਆਪਣੇ ਨਿੱਜੀ ਖਾਤੇ ‘ਚੋਂ ਭੇਜਣ ਦੀ ਗਲਤੀ ਨੂੰ ਸਵੀਕਾਰ ਕਰਦਿਆਂ ਅਹੁਦੇ ਤੋਂ ਇਹ ਅਸਤੀਫ਼ਾ ਦਿੱਤਾ ਹੈ। ਪਹਿਲਾਂ ਹੀ ਸੰਕਟ ‘ਚ ਘਿਰੀ ਪ੍ਰਧਾਨ ਮੰਤਰੀ ਲਿਜ਼ ਟਰੱਸ ਲਈ ਬ੍ਰੇਵਰਮੈਨ ਦਾ ਅਸਤੀਫ਼ਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਹਨ। ਬ੍ਰੇਵਰਮੈਨ ਨੂੰ 43 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਟਰੱਸ ਨੂੰ ਅਸਤੀਫ਼ਾ ਸੌਂਪਦਿਆਂ ਆਪਣੀ ਗਲਤੀ ਮੰਨੀ ਹੈ। ਸੁਏਲਾ ਬ੍ਰੇਵਰਮੈਨ ਦੀ ਥਾਂ ‘ਤੇ ਗਰਾਂਟ ਸ਼ੈਪਸ ਨੂੰ ਨਵਾਂ ਗ੍ਰਹਿ ਮੰਤਰੀ ਲਾਏ ਜਾਣ ਦੇ ਆਸਾਰ ਹਨ ਜਿਨਾਂ ਨੂੰ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਦਾ ਹਮਾਇਤੀ ਮੰਨਿਆ ਜਾਂਦਾ ਹੈ। 42 ਸਾਲਾ ਬ੍ਰੇਵਰਮੈਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਅਸਤੀਫ਼ਾ ਪੋਸਟ ਕੀਤਾ ਹੈ। ਉਨ੍ਹਾਂ ਕਿਹਾ, ‘ਮੈਂ ਗਲਤੀ ਕੀਤੀ ਹੈ। ਮੈਂ ਇਸ ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ।’ ਬ੍ਰੇਵਰਮੈਨ ਨੇ ਅੱਗੇ ਕਿਹਾ, ‘ਮੈਂ ਆਪਣੀ ਨਿੱਜੀ ਈ-ਮੇਲ ਤੋਂ ਇਕ ਭਰੋਸੇਯੋਗ ਸੰਸਦੀ ਸਹਿਯੋਗੀ ਨੂੰ ਇਕ ਅਧਿਕਾਰਤ ਦਸਤਾਵੇਜ਼ ਭੇਜਿਆ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਦਸਤਾਵੇਜ਼ ਇਮੀਗ੍ਰੇਸ਼ਨ ਬਾਰੇ ਮੰਤਰੀ ਪੱਧਰ ਦਾ ਬਿਆਨ ਸੀ, ਜਿਸ ਦਾ ਪ੍ਰਕਾਸ਼ਨ ਹੋਣਾ ਸੀ।’ ਬ੍ਰੇਵਰਮੈਨ ਨੇ ਕਿਹਾ, ‘ਫਿਰ ਵੀ ਮੇਰਾ ਜਾਣ ਸਹੀ ਹੈ। ਜਿਵੇਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਤੁਰੰਤ ਅਧਿਕਾਰਤ ਮਾਧਿਅਮ ਰਾਹੀਂ ਕੈਬਨਿਟ ਸਕੱਤਰ ਨੂੰ ਸੂਚਿਤ ਕੀਤਾ।’ ਉਨ੍ਹਾਂ ਕਿਹਾ, ‘ਅਸੀਂ ਇੱਕ ਔਖੇ ਸਮੇਂ ਵਿੱਚੋਂ ਲੰਘ ਰਹੇ ਹਾਂ। ਮੈਂ ਇਸ ਸਰਕਾਰ ਦੀ ਦਿਸ਼ਾ ਨੂੰ ਲੈ ਕੇ ਚਿੰਤਤ ਹਾਂ।’ ਬ੍ਰੇਵਰਮੈਨ ਨੇ ਕਿਹਾ, ‘ਨਾ ਸਿਰਫ਼ ਅਸੀਂ ਆਪਣੇ ਵੋਟਰਾਂ ਨਾਲ ਕੀਤੇ ਮੁੱਖ ਵਾਅਦਿਆਂ ਨੂੰ ਤੋੜਿਆ ਹੈ, ਸਗੋਂ ਮੈਨੂੰ ਘੋਸ਼ਣਾਪੱਤਰ ਨਾਲ ਜੁੜੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਇਸ ਸਰਕਾਰ ਦੀ ਵਚਨਬੱਧਤਾ ਬਾਰੇ ਗੰਭੀਰ ਚਿੰਤਾ ਹੈ, ਜਿਵੇਂ ਕਿ ਸਮੁੱਚੀ ਮਾਈਗ੍ਰੇਸ਼ਨ ਸੰਖਿਆ ਨੂੰ ਘਟਾਉਣਾ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ, ਖਾਸ ਕਰਕੇ ਖ਼ਤਰਨਾਕ ਛੋਟੀਆਂ ਕਿਸ਼ਤੀਆਂ ਤੋਂ ਇਮੀਗ੍ਰੇਸ਼ਨ ਨੂੰ ਰੋਕਣਾ।’ 2 ਬੱਚਿਆਂ ਦੀ ਮਾਂ ਬ੍ਰੇਵਰਮੈਨ ਹਿੰਦੂ ਤਾਮਿਲ ਮਾਂ ਉਮਾ ਅਤੇ ਗੋਆ ਮੂਲ ਦੇ ਪਿਤਾ ਕ੍ਰਿਸਟੀ ਫਰਨਾਂਡੀਜ਼ ਦੀ ਧੀ ਹੈ। ਉਨ੍ਹਾਂ ਦੀ ਮਾਂ ਮਾਰੀਸ਼ਸ ਤੋਂ ਬ੍ਰਿਟੇਨ ਆਈ ਸੀ, ਜਦੋਂ ਕਿ ਉਨ੍ਹਾਂ ਦੇ ਪਿਤਾ 1960 ਦੇ ਦਹਾਕੇ ‘ਚ ਕੀਨੀਆ ਤੋਂ ਲੰਡਨ ਪਹੁੰਚੇ ਸਨ। ਬ੍ਰੇਵਰਮੈਨ ਇਕ ਬੋਧੀ ਪੈਰੋਕਾਰ ਹੈ, ਜੋ ਨਿਯਮਿਤ ਤੌਰ ‘ਤੇ ਲੰਡਨ ਬੋਧੀ ਕੇਂਦਰ ਦਾ ਦੌਰਾ ਕਰਦੀ ਹੈ ਅਤੇ ਉਨ੍ਹਾਂ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ‘ਧੰਮਪਦ’ ਗ੍ਰੰਥ ‘ਤੇ ਸੰਸਦ ‘ਚ ਅਹੁਦੇ ਦੀ ਸਹੁੰ ਚੁੱਕੀ ਹੈ।