ਭਾਰਤੀ ਮੂਲ ਦੇ ਰਿਸ਼ੀ ਸੂਨਕ ਬ੍ਰਿਟੇਨ ‘ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਕਿਉਂਕਿ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਸੂਨਕ ਹੁਣ ਯੂ.ਕੇ. ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। 42 ਸਾਲਾ ਸੂਨਕ ਵੈਸਟਮਿੰਸਟਰ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚੋਂ ਇਕ ਹਨ। ਬ੍ਰਿਟਿਸ਼ ਸੰਸਦ ਨੇ ਰਿਸ਼ੀ ਸੂਨਕ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ। ਉਹ 28 ਅਕਤੂਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਪੈਨੀ ਮੋਰਡੋਂਟ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਰਿਸ਼ੀ ਸੂਨਕ ਦੇ ਨਾਂ ਸਭ ਤੋਂ ਅੱਗੇ ਸਨ ਪਰ ਬੋਰਿਸ ਜਾਨਸਨ ਦੇ ਪਿੱਛੇ ਹਟਣ ਤੋਂ ਬਾਅਦ ਦੋ ਲੋਕਾਂ ਵਿਚਾਲੇ ਟੱਕਰ ਸੀ। ਅੰਤ ‘ਚ ਪੈਨੀ ਮੋਰਡੌਂਟ ਵੀ ਪਿੱਛੇ ਹਟ ਗਿਆ ਅਤੇ ਸੂਨਕ ਦਾ ਰਸਤਾ ਸਾਫ਼ ਹੋ ਗਿਆ। ਸੂਨਕ ਨੂੰ 150 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਸੀ ਜਦਕਿ ਪੈਨੀ ਮੋਰਡੌਂਟ ਨੂੰ ਸਿਰਫ਼ 25 ਸੰਸਦ ਮੈਂਬਰਾਂ ਦਾ ਸਮਰਥਨ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਮਰਥਕ ਮੰਨੀ ਜਾਂਦੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ ‘ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਿਸ਼ੀ ਸੂਨਕ ਦਾ ਸਮਰਥਨ ਕੀਤਾ। ਜਾਨਸਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਹਟਣ ਤੋਂ ਬਾਅਦ ਪਟੇਲ ਨੇ ਸੂਨਕ ਦਾ ਸਮਰਥਨ ਕੀਤਾ। ਭਾਰਤੀ ਮੂਲ ਦੇ ਸਾਬਕਾ ਗ੍ਰਹਿ ਮੰਤਰੀ ਪਟੇਲ ਨੇ ਪਿਛਲੇ ਮਹੀਨੇ ਲਿਜ਼ ਟਰੱਸ ਦੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਟੇਲ ਨੇ ਕਿਹਾ ਕਿ ਪਾਰਟੀ ਮੈਂਬਰਾਂ ਨੂੰ ਸੂਨਕ ਨੂੰ ਨਵੇਂ ਨੇਤਾ ਵਜੋਂ ਕਾਮਯਾਬ ਹੋਣ ਦਾ ਸਭ ਤੋਂ ਵਧੀਆ ਮੌਕਾ ਦੇਣ ਲਈ ਸਿਆਸੀ ਮਤਭੇਦਾਂ ਨੂੰ ਪਾਸੇ ਰੱਖਣਾ ਚਾਹੀਦਾ ਹੈ। ਸਾਬਕਾ ਚਾਂਸਲਰ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਹ ‘ਦੇਸ਼ ਦੀ ਆਰਥਿਕਤਾ ਨੂੰ ਠੀਕ ਕਰਨ, ਆਪਣੀ ਪਾਰਟੀ ਨੂੰ ਇੱਕਜੁਟ ਕਰਨ ਅਤੇ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ।’ ਉਨ੍ਹਾਂ ਨੇ ਆਪਣੇ ਅਹੁਦੇ ਦੀ ਦਾਅਵੇਦਾਰੀ ਲਈ ਤੈਅ ਆਖਰੀ ਸਮਾਂ ਹੱਦ ਸੋਮਵਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੱਕ 100 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰ ਮੁਕਾਬਲੇ ‘ਚ ਮਜ਼ਬੂਤੀ ਹਾਸਲ ਕਰ ਲਈ ਸੀ। ਕੰਜ਼ਰਵੇਟਿਵ ਪਾਰਟੀ ਦੇ ਕਈ ਚਰਚਿਤ ਸੰਸਦ ਮੈਂਬਰਾਂ ਨੇ ਜਾਨਸਨ ਦੇ ਧੜੇ ਨੂੰ ਛੱਡਦਿਆਂ ਸੂਨਕ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ‘ਚ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਕੈਬਨਿਟ ਮੰਤਰੀ ਜੇਮਸ ਕਲੀਵਰਲੀ ਅਤੇ ਨਦੀਮ ਜਹਾਵੀ ਸ਼ਾਮਲ ਹਨ।