ਡੇਅਰੀ ਵਰਕਰ ਜਯੇਸ਼ ਪਟੇਲ ‘ਤੇ ਪਿਛਲੇ ਦਿਨੀਂ ਆਕਲੈਂਡ ‘ਚ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਇਕ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸਦੇ ਸਟਾਫ ‘ਤੇ ਚਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਸਟੋਰ ‘ਚ ਭੰਨ-ਤੋੜ ਕੀਤੀ। ਹਥਿਆਰਬੰਦ ਡਕੈਤੀ ਬਾਰੇ ਦੱਸਦਿਆਂ ਹੈਮਿਲਟਨ ‘ਚ ਇਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉਸ ਦੇ ਇਕ ਸਟਾਫ ਵਰਕਰ ਨੂੰ ਜ਼ਮੀਨ ‘ਤੇ ਗੋਡੇ ਟੇਕਣ ਲਈ ਮਜਬੂਰ ਕੀਤਾ ਗਿਆ ਅਤੇ ਉਸਦੀ ਗਰਦਨ ‘ਤੇ ਚਾਕੂ ਰੱਖਿਆ ਗਿਆ। ਨਰੇਸ਼ ਨੇ ਦੱਸਿਆ ਕਿ ਪਿਛਲੇ ਹਫ਼ਤੇ ਚਾਰ ਨੌਜਵਾਨਾਂ ਵੱਲੋਂ ਹਥਿਆਰਬੰਦ ਹਮਲੇ ‘ਚ ਉਸ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੁਟੇਰਿਆਂ ਵੱਲੋਂ ਅਜਿਹਾ ਕੀਤਾ ਗਿਆ ਹੋਵੇ। ਨਰੇਸ਼ ਮੁਤਾਬਕ ਉਨ੍ਹਾਂ ਨੇ ਸਟੋਰ ‘ਚ ਮੌਜੂਦ ਸਭ ਕੁਝ ਤੋੜ ਦਿੱਤਾ, ਇਥੋਂ ਤੱਕ ਕਿ ਅਲਮਾਰੀਆਂ ਦਾ ਇਕ-ਇਕ ਹਿੱਸਾ ਵੀ। ਨਰੇਸ਼ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਕ ਕੋਰੀਅਰ ਜਿਸਨੇ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਛਾਪੇਮਾਰੀ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਘੱਟੋ ਘੱਟ 4,000 ਡਾਲਰ ਦੀ ਨਕਦੀ ਚੋਰੀ ਹੋ ਗਈ ਸੀ। ਨਰੇਸ਼ ਦੇ ਸਟਾਫ਼ ਵੱਲੋਂ ਦੱਸਿਆ ਗਿਆ ਕਿ ਲੁਟੇਰਿਆਂ ਦੀ ਉਮਰ 16 ਸਾਲ ਤੋਂ ਵੱਧ ਨਹੀਂ ਸੀ। ਇਹ ਹਮਲਾ ਉਦੋਂ ਹੋਇਆ ਜਦੋਂ ਨਿਊਜ਼ੀਲੈਂਡ ਨੇ ਪਟੇਲ ਦੀ ਮੌਤ ਤੋਂ ਬਾਅਦ ਪ੍ਰਚੂਨ ਅਪਰਾਧ ਨੂੰ ਰੋਕਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਐਲਾਨ ਕੀਤਾ ਕਿ ਦੁਕਾਨਾਂ ਦੇ ਮਾਲਕ ਚੋਰੀਆਂ ਨੂੰ ਰੋਕਣ ਲਈ ਆਪਣੀਆਂ ਦੁਕਾਨਾਂ ‘ਚ ਫੋਗ ਕੈਨਨ ਲਗਾਉਣ ਲਈ 4,000 ਡਾਲਰ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਨਰੇਸ਼ ਨੇ ਦੱਸਿਆ ਕਿ ਹਰ ਵਾਰ ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸਰਕਾਰ ਆਉਂਦੀ ਹੈ ਅਤੇ ਤੁਹਾਨੂੰ ਫੰਡਿੰਗ ਦੇਣਾ ਸ਼ੁਰੂ ਕਰ ਦਿੰਦੀ ਹੈ। ਪਟੇਲ ਦੀ ਮੌਤ ਤੋਂ ਬਾਅਦ ਸਟੋਰ ਮਾਲਕਾਂ ਅਤੇ ਕਰਮਚਾਰੀਆਂ ਨੇ ਆਪਣੀ ਸੁਰੱਖਿਆ ‘ਤੇ ਸਵਾਲ ਉਠਾਉਣ ਦੇ ਨਾਲ ਸੋਮਵਾਰ ਨੂੰ ਨਿਊਜ਼ੀਲੈਂਡ ਭਰ ‘ਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ।