ਤਿੰਨ ਮੈਚਾਂ ਦੀ ਲੜੀ ਦੇ ਦੂਜੇ ਟੀ-20 ਮੈਚ ‘ਚ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਉਸ ਨੇ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ ਅਤੇ ਹੁਣ ਤੀਜੇ ਤੇ ਆਖਰੀ ਮੈਚ ‘ਚ ਲੜੀ ਜਿੱਤਣ ਦਾ ਫ਼ੈਸਲਾ ਹੋਵੇਗਾ। ਭਾਰਤੀ ਮਹਿਲਾ ਟੀਮ ਨੂੰ ਪਹਿਲੇ ਮੈਚ ‘ਚ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੂਜੇ ਮੈਚ ‘ਚ ਸ਼ਾਨਦਾਰ ਜਿੱਤ ‘ਚ ਸਮ੍ਰਿਤੀ ਮੰਧਾਨਾ (ਅਜੇਤੂ 79) ਅਤੇ ਸਨੇਹ ਰਾਣਾ (3 ਵਿਕਟਾਂ) ਦਾ ਵੱਡਾ ਯੋਗਦਾਨ ਰਿਹਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 142 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ‘ਚ ਭਾਰਤੀ ਮਹਿਲਾ ਟੀਮ ਨੇ 16.4 ਓਵਰਾਂ ‘ਚ 2 ਵਿਕਟਾਂ ‘ਤੇ 146 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸਨੇਹ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਰੇਣੂਕਾ ਸਿੰਘ ਅਤੇ ਦੀਪਤੀ ਸ਼ਰਮਾ ਨੇ 1-1 ਖਿਡਾਰੀ ਨੂੰ ਆਊਟ ਕੀਤਾ।