ਇੰਗਲੈਂਡ ਦੇ ਲੀਡਜ਼ ‘ਚ ਇਕ ਸੜਕ ਹਾਦਸੇ ‘ਚ ਭਾਰਤੀ ਮੂਲ ਦੀ 28 ਸਾਲਾ ਵਿਦਿਆਰਥਣ ਦੀ ਉਦੋਂ ਮੌਤ ਹੋ ਗਈ ਜਦੋਂ ਇੱਕ ਕਾਰ ਨੇ ਬੱਸ ਸਟੈਂਡ ਨਾਲ ਟਕਰਾਉਣ ਮਗਰੋਂ ਦੋ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਬ੍ਰਿਟਿਸ਼ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਯੌਰਕਸ਼ਾਇਰ ਪੁਲੀਸ ਨੇ ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਦੀ ਪਛਾਣ ਅਥੀਰਾ ਅਨਿਲਕੁਮਾਰ ਲਾਲੀ ਕੁਮਾਰੀ ਵਜੋਂ ਕੀਤੀ ਹੈ। ਸਥਾਨਕ ਮਲਿਆਲੀ ਐਸੋਸੀਏਸ਼ਨ ਦੇ ਅਨੁਸਾਰ ਕੇਰਲ ਦੇ ਤਿਰੂਵਨੰਤਪੁਰਮ ਦੀ ਰਹਿਣ ਵਾਲੀ ਅਥੀਰਾ ਨੇ ਪਿਛਲੇ ਮਹੀਨੇ ਲੀਡਜ਼ ਬੇਕੇਟ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਵੈਸਟ ਯੌਰਕਸ਼ਾਇਰ ਪੁਲੀਸ ਨੇ ਦੱਸਿਆ ਕਿ ਇਸ ਟੱਕਰ ‘ਚ ਅਥੀਰਾ ਸਮੇਤ ਦੋ ਰਾਹਗੀਰ ਜ਼ਖਮੀ ਹੋਏ ਸਨ ਜਦਕਿ ਦੂਜੇ ਜ਼ਖ਼ਮੀ ਵਿਅਕਤੀ ਦੀ ਉਮਰ 40 ਸਾਲ ਹੈ ਅਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਕਾਰ ਡਰਾਈਵਰ 25 ਸਾਲਾ ਔਰਤ ਨੂੰ ਲਾਪਰਵਾਹੀ ਨਾਲ ਗੱਡੀ ਚਲਾ ਕੇ ਜਾਨ ਲੈਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ, ਪਰ ਬਾਅਦ ‘ਚ ਉਸਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ ‘ਚ ਭਾਰਤੀ ਵਣਜ ਦੂਤਘਰ ਇਸ ਮਾਮਲੇ ਨਾਲ ਨਜਿੱਠ ਰਿਹਾ ਹੈ ਅਤੇ ਇੰਡੀਆ ‘ਚ ਪੀੜਤ ਪਰਿਵਾਰ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਹੈ।