ਇਕ ਗਰਭਵਤੀ ਭਾਰਤੀ ਸੈਲਾਨੀ ਦੀ ਜਣੇਪਾ ਵਾਰਡ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਮੌਤ ਹੋਣ ਦੀ ਰਿਪੋਰਟ ਆਉਣ ਤੋਂ ਕੁਝ ਘੰਟਿਆਂ ਬਾਅਦ ਪੁਰਤਗਾਲ ਦੀ ਸਿਹਤ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਇਕ 34 ਸਾਲਾ ਭਾਰਤੀ ਔਰਤ ਨੂੰ ਲਿਸਬਨ ‘ਚ ਹਸਪਤਾਲਾਂ ‘ਚ ਤਬਦੀਲ ਕੀਤੇ ਜਾਣ ਦੌਰਾਨ ਕਥਿਤ ਤੌਰ ‘ਤੇ ਦਿਲ ਦਾ ਦੌਰਾ ਪਿਆ। ਉਥੇ ਹੀ ਸਥਾਨਕ ਮੀਡੀਆ ਨੇ ਦੱਸਿਆ ਕਿ ਲਿਸਬਨ ਦੇ ਸਭ ਤੋਂ ਵੱਡੇ ਸਾਂਤਾ ਮਾਰੀਆ ਹਸਪਤਾਲ ਤੋਂ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਸੀਜੇਰੀਅਨ ਸੈਕਸ਼ਨ ਤੋਂ ਬਾਅਦ ਉਸ ਦੇ ਬੱਚੇ ਨੂੰ ਚੰਗੇ ਸਿਹਤ ਕੇਂਦਰ ‘ਚ ਪਹੁੰਚਾਇਆ ਗਿਆ। ਔਰਤ ਦੀ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਰਿਪੋਰਟ ‘ਚ ਕਿਹਾ ਹੈ ਕਿ ਪੁਰਤਗਾਲ ‘ਚ ਹਸਪਤਾਲਾਂ ਦੀਆਂ ਡਿਲੀਵਰੀ ਯੂਨਿਟਾਂ ‘ਚ ਸਟਾਫ਼ ਦੀ ਕਮੀ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਪੁਰਤਗਾਲ ਦੀ ਸਰਕਾਰ ਨੇ ਇਕ ਬਿਆਨ ‘ਚ ਕਿਹਾ ਕਿ ਮਾਰਟਾ ਟੇਮੀਡੋ 2018 ਤੋਂ ਸਿਹਤ ਮੰਤਰੀ ਸਨ ਅਤੇ ਉਨ੍ਹਾਂ ਨੂੰ ਕੋਵਿਡ ਦੇ ਸਮੇਂ ਦੌਰਾਨ ਪੁਰਤਗਾਲ ਦੀ ਸਿਹਤ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਚਲਾਉਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪੁਰਤਗਾਲ ਦੀ ਲੁਸਾ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਕਿਹਾ ਕਿ ਔਰਤ ਦੀ ਮੌਤ ਕਾਰਨ ਟੇਮੀਡੋ ਨੇ ਅਸਤੀਫ਼ਾ ਦਿੱਤਾ ਹੈ। ਹਾਲ ਹੀ ਦੇ ਮਹੀਨਿਆਂ ‘ਚ ਪੁਰਤਗਾਲ ‘ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਸ ‘ਚ 2 ਬੱਚਿਆਂ ਦੀਆਂ ਮੌਤਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਮਾਵਾਂ ਨੂੰ ਸਪੱਸ਼ਟ ਤੌਰ ‘ਤੇ ਹਸਪਤਾਲਾਂ ‘ਚ ਤਬਦੀਲ ਕੀਤਾ ਗਿਆ ਸੀ ਅਤੇ ਕਾਫ਼ੀ ਦੇਰੀ ਨਾਲ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਪ੍ਰਾਪਤ ਹੋਈ ਸੀ।