ਰਾਜਸਥਾਨ ‘ਚ ਵੀ ਕਾਂਗਰਸ ਦਾ ਸੰਕਟ ਵਾਰ-ਵਾਰ ਗਹਿਰਾ ਰਿਹਾ ਹੈ ਅਤੇ ਹਾਈ ਕਮਾਨ ਵੱਲੋਂ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਸੂਬੇ ‘ਚ ਪਿਛਲੀ ਭਾਜਪਾ ਸਰਕਾਰ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲੈ ਕੇ ਸ਼ਹੀਦ ਸਮਾਰਕ ‘ਤੇ ਇਕ ਦਿਨਾ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਉਨ੍ਹਾਂ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਹੜਤਾਲ ਨਾਲ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਨਵੇਂ ਸਿਰੇ ਤੋਂ ਮੋਰਚਾ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਦਸੰਬਰ 2018 ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਜਦੋਂ ਪਾਰਟੀ ਸੱਤਾ ‘ਚ ਆਈ ਸੀ ਤਾਂ ਸਚਿਨ ਪਾਇਲਟ ਸੂਬਾ ਕਾਂਗਰਸ ਦੇ ਮੁਖੀ ਸਨ। ਕਾਂਗਰਸ ਤੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਘਬਰਾਏ ਬਿਨਾਂ ਪਾਇਲਟ ਸਵੇਰੇ 11 ਵਜੇ ਸ਼ਹੀਦ ਸਮਾਰਕ ‘ਤੇ ਧਰਨੇ ‘ਤੇ ਬੈਠੇ। ਭੁੱਖ ਹੜਤਾਲ ਤੋਂ ਬਾਅਦ ਪਾਇਲਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਉਮੀਦ ਪ੍ਰਗਟਾਈ ਪਿਛਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਸਚਿਨ ਪਾਇਲਟ ਨੇ ਸਮਾਜ ਸੁਧਾਰਕ ਜਯੋਤੀਰਾਓ ਫੂਲੇ ਦੀ ਤਸਵੀਰ ‘ਤੇ ਫੁੱਲ ਚੜ੍ਹਾਏ ਅਤੇ ਫਿਰ 11 ਵਜੇ ਤੋਂ 4 ਵਜੇ ਭੁੱਖ ਹੜਤਾਲ ਕੀਤੀ। ਉਹ ਇਕੱਲੇ ਹੀ ਪੰਜ ਘੰਟੇ ਧਰਨੇ ‘ਤੇ ਬੈਠੇ। ਉਨ੍ਹਾਂ ਦੇ ਸਮਰਥਕ ਪਿੱਛੇ ਜਾਂ ਸਟੇਜ ਤੋਂ ਹੇਠਾਂ ਬੈਠੇ ਹੋਏ ਸਨ। ਪ੍ਰਦਰਸ਼ਨ ਵਾਲੀ ਜਗ੍ਹਾ ਉੱਤੇ ‘ਵਸੁੰਧਰਾ ਸਰਕਾਰ ‘ਚ ਹੋਏ ਭ੍ਰਿਸ਼ਟਾਚਾਰ ਵਿਰੁੱਧ ਭੁੱਖ ਹੜਤਾਲ’ ਦੇ ਨਾਅਰੇ ਵਾਲਾ ਬੈਨਰ ਟੰਗਿਆ ਹੋਇਆ ਸੀ। ਸੱਤਾਧਾਰੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਭੁੱਖ ਹੜਤਾਲ ਵਾਲੀ ਜਗ੍ਹਾ ‘ਤੇ ਮੌਜੂਦ ਨਹੀਂ ਸੀ ਪਰ ਕਈ ਹੋਰ ਨੇਤਾ ਅਤੇ ਪਾਇਲਟ ਦੇ ਸਮਰਥਕ ਉਥੇ ਹਾਜ਼ਰ ਸਨ।