ਕਾਇਲ ਮਾਯਰਸ ਦੇ 21 ਗੇਂਦਾਂ ‘ਚ ਜੜੇ ਅਰਧ ਸੈਂਕੜੇ ਦੇ ਬਾਵਜੂਦ ਲਖਨਊ ਦੀ ਟੀਮ ਆਈ.ਪੀ.ਐੱਲ. ‘ਚ ਚੇਨਈ ਹੱਥੋਂ ਹਾਰ ਗਈ ਅਤੇ ਰੋਮਾਂਚ ਭਰਪੂਰ ਮੈਚ ‘ਚ ਪਾਸਾ ਮੋਇਨ ਅਲੀ ਦੀ ਫਿਰਕੀ ਨੇ ਪਲਟਿਆ। ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚਕਾਰ ਹੋਏ ਮੈਚ ‘ਚ ਚੇਨਈ ਨੇ ਨਿਰਧਾਰਿਤ 20 ਓਵਰਾਂ ‘ਚ ਲਖਨਊ ਨੂੰ 218 ਦੌੜਾਂ ਦਾ ਟੀਚਾ ਦਿੱਤਾ ਸੀ। ਸਲਾਮੀ ਬੱਲੇਬਾਜ਼ ਕਾਇਲ ਮਾਯਰਸ ਦੇ 21 ਗੇਂਦਾਂ ‘ਚ ਜੜੇ ਅਰਧ ਸੈਂਕੜੇ ਸਦਕਾ ਲਖਨਊ ਦੀ ਧਮਾਕੇਦਾਰ ਸ਼ੁਰੂਆਤ ਹੋਈ, ਪਰ ਮੋਇਨ ਅਲੀ ਦੀ ਫਿਰਕੀ ਨੇ ਪਾਸਾ ਫਿਰ ਚੇਨਈ ਵੱਲ ਪਲਟਾ ਦਿੱਤਾ। ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਲਖਨਊ 12 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ। ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਚੇਨਈ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ। ਰੁਤੂਰਾਜ ਗਾਇਕਵਾੜ ਨੇ 31 ਗੇਂਦਾਂ ‘ਚ 37 ਅਤੇ ਕਾਨਵੇ ਨੇ 29 ਗੇਂਦਾਂ ‘ਚ 47 ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਸਦਕਾਂ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 217 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੇ ਪਾਵਰਪਲੇ ‘ਚ 1 ਵਿਕਟ ਗੁਆ ਕੇ 80 ਦੌੜਾਂ ਬਣਾ ਲਈਆਂ ਸਨ। ਕਾਇਲ ਮਾਯਰਸ ਨੇ 22 ਗੇਂਦਾਂ ‘ਚ 2 ਛੱਕਿਆਂ ਤੇ 8 ਚੌਕਿਆਂ ਸਦਕਾ 53 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਛੇਵੇਂ ਓਵਰ ‘ਚ ਉਹ ਮੋਇਨ ਅਲੀ ਦੀ ਗੇਂਦ ‘ਤੇ ਕੈਚ ਆਊਟ ਹੋ ਗਏ। ਸਪਿੱਨਰਾਂ ਨੇ ਦੌੜਾਂ ਦੀ ਰਫ਼ਤਾਰ ਨੂੰ ਹੌਲੀ ਕੀਤਾ। ਮੋਇਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲੈ ਕੇ ਚੇਨਈ ਦੀ ਮੈਚ ‘ਚ ਵਾਪਸੀ ਕਰਵਾਈ। ਉਸ ਨੇ ਆਪਣੇ ਕੋਟੇ ਦੇ 4 ਓਵਰਾਂ ‘ਚ ਮਹਿਜ਼ 26 ਦੌੜਾਂ ਹੀ ਦਿੱਤੀਆਂ। ਤੁਸ਼ਾਰ ਦੇਸ਼ਪਾਂਡੇ ਤੇ ਮਿਚਲ ਸੈਂਟਨਰ ਨੇ ਵੀ 1-1 ਵਿਕਟ ਲਈ। ਅਖੀਰ ‘ਚ ਪੂਰਨ (32), ਸਟੋਇਨਿਸ (21), ਬਡੌਨੀ ਤੇ ਕੇ।ਗੌਤਮ (23) ਦੀਆਂ ਕੋਸ਼ਿਸ਼ਾਂ ਵੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੀਆਂ। ਲਖਨਊ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ।