ਵਿਸ਼ਵ ਸਿਹਤ ਸੰਗਠਨ ਨੇ ਹਫ਼ਤੇ ਭਰ ਦੇ ਅੰਦਰ ਇਸ ਗੱਲ ’ਤੇ ਵਿਚਾਰ ਕਰਨ ਲਈ ਦੂਜੀ ਮੀਟਿੰਗ ਬੁਲਾਈ ਹੈ ਕਿ ਮੰਕੀਪਾਕਸ ਨੂੰ ਗਲੋਬਲ ਸੰਕਟ ਐਲਾਨ ਕੀਤਾ ਜਾਵੇ ਜਾਂ ਨਹੀਂ। ਇਸ ਦੇ ਨਾਲ ਹੀ ਕੁਝ ਵਿਗਿਆਨੀਆਂ ਨੇ ਕਿਹਾ ਕਿ ਅਫਰੀਕਾ ਅਤੇ ਵਿਕਸਿਤ ਦੇਸ਼ਾਂ ‘ਚ ਇਨਫੈਕਸ਼ਨ ਫੈਲਣ ਦੇ ਤਰੀਕਿਆਂ ’ਚ ਸਪੱਸ਼ਟ ਅੰਤਰ ਹੋਣਾ ਕਿਸੇ ਵੀ ਤਾਲਮੇਲ ਵਾਲੇ ਜਵਾਬ ਨੂੰ ਗੁੰਝਲਦਾਰ ਬਣਾ ਦੇਵੇਗਾ। ਅਫਰੀਕਨ ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਮਹਾਦੀਪ ਦੀ ਮਹਾਮਾਰੀ ਨੂੰ ਐਮਰਜੈਂਸੀ ਮੰਨ ਰਹੇ ਹਨ। ਪਰ ਕੁਝ ਮਹਿਰਾਂ ਨੇ ਕਿਹਾ ਕਿ ਯੂਰਪ, ਉੱਤਰੀ ਅਮਰੀਕਾ ਅਤੇ ਹੋਰ ਥਾਂ ਮੰਕੀਪਾਕਸ ਦੇ ਮਾਮੂਲੀ ਰੂਪਾਂ ਦੀ ਮੌਜੂਦਗੀ ’ਤੇ ਐਮਰਜੈਂਸੀ ਦਾ ਐਲਾਨ ਕਰਨਾ ਗੈਰ-ਜ਼ਰੂਰੀ ਹੈ, ਭਾਵੇਂ ਕਿ ਵਾਇਰਸ ’ਤੇ ਕੰਟਰੋਲ ਨਾ ਹੋ ਸਕੇ। ਪੱਛਮੀ ਅਤੇ ਮੱਧ ਅਫਰੀਕਾ ਦੇ ਕਈ ਹਿੱਸਿਆਂ ’ਚ ਮੰਕੀਪਾਕਸ ਦਹਾਕਿਆਂ ਤੋਂ ਮੌਜੂਦ ਹੈ, ਜਿਥੇ ਬੀਮਾਰ ਜੰਗਲੀ ਪਸ਼ੂ ਪੇਂਡੂ ਲੋਕਾਂ ਨੂੰ ਇਨਫੈਕਟਿਡ ਕਰਦੇ ਹਨ। ਪਰ ਯੂਰਪ, ਉੱਤਰ ਅਮਰੀਕਾ ਅਤੇ ਹੋਰ ਥਾਵਾਂ ’ਤੇ ਮਈ ਤੋਂ ਸਮਲਿੰਗੀ ਅਤੇ ਲਿੰਗੀ ਲੋਕਾਂ ’ਚ ਇਹ ਬੀਮਾਰੀ ਫੈਲੀ ਹੈ। ਅਮੀਰ ਦੇਸ਼ਾਂ ’ਚ ਇਹ ਬੀਮਾਰੀ ਜਿਨਸੀ ਸਬੰਧਾਂ ਨਾਲ ਫੈਲਣ ਦਾ ਖ਼ਦਸ਼ਾ ਜਤਾਇਆ ਗਿਆ ਹੈ, ਖਾਸ ਕਰਕੇ ਸਪੇਨ ਅਤੇ ਬੈਲਜ਼ੀਅਮ ਸਥਿਤ ਦੋ ਰੇਵ ਪਾਰਟੀਆਂ ਤੋਂ। ਦੁਨੀਆ ਭਰ ’ਚ ਹੁਣ ਲਗਭਗ ਮੰਕੀਪਾਕਸ ਦੇ 15,000 ਮਾਮਲੇ ਹਨ ਜਦਕਿ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਹੋਰ ਦੇਸ਼ਾਂ ਨੇ ਲੱਖਾਂ ਟੀਕੇ ਖਰੀਦੇ ਹਨ ਜਦਕਿ ਅਫਰੀਕਾ ਨੂੰ ਇਕ ਵੀ ਟੀਕਾ ਨਹੀਂ ਮਿਲਿਆ ਹੈ ਜਿਥੇ ਮੰਕੀਪਾਕਸ ਦਾ ਜ਼ਿਆਦਾ ਗੰਭੀਰ ਰੂਪ ਪਹਿਲਾਂ ਹੀ 70 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਬ੍ਰਿਟੇਨ ਦੇ ਈਸਟ ਐਂਗਲੀਆ ਯੂਨੀਵਰਸਿਟੀ ’ਚ ਮੈਡੀਸਨ ਦੇ ਪ੍ਰੋਫੈਸਰ ਡਾ. ਪਾਲ ਇੰਟਰ ਨੇ ਕਿਹਾ ਕਿ ਅਮੀਰ ਦੇਸ਼ਾਂ ਤੋਂ ਅਜੇ ਤੱਕ ਮੰਕੀਪਾਕਸ ਨਾਲ ਕਿਸੇ ਮੌਤ ਦੀ ਸੂਚਨਾ ਨਹੀਂ ਮਿਲੀ ਹੈ ਪਰ ਅਫਰੀਕਾ ’ਚ ਜਾਰੀ ਇਸ ਦਾ ਕਹਿਰ ਯੂਰਪ ਅਤੇ ਉੱਤਰੀ ਅਮਰੀਕਾ ’ਚ ਇਸ ਦੇ ਕਹਿਰ ਨਾਲ ਲਗਭਗ ਪੂਰੀ ਤਰ੍ਹਾਂ ਵੱਖ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਸ ਹਫ਼ਤੇ ਕਿਹਾ ਕਿ ਅਫਰੀਕਾ ਦੇ ਬਾਹਰ ਮਿਲੇ ਮੰਕੀਪਾਕਸ ਦੇ 99 ਫੀਸਦੀ ਮਾਮਲੇ ਪੁਰਸ਼ਾਂ ਨਾਲ ਜੁਡ਼ੇ ਹਨ। ਹਾਲਾਂਕਿ ਇਹ ਰੋਗ ਕਿਸੇ ਵੀ ਉਸ ਵਿਅਕਤੀ ਨੂੰ ਹੋ ਸਕਦਾ ਹੈ ਜੋ ਮੰਕੀਪਾਕਸ ਨਾਲ ਇਨਫੈਕਟਿਡ ਰੋਗੀ ਦੇ ਨਜ਼ਦੀਕੀ ਸਰੀਰਕ ਸੰਪਰਕ ’ਚ ਹੈ।