ਮੈਕਸੀਕੋ ‘ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਨ ਸਰਹੱਦ ਨੇੜੇ ਇਕ ਹਾਈਵੇਅ ‘ਤੇ ਗੁਆਟੇਮਾਲਾ ਦੇ 57 ਮੁੰਡੇ-ਕੁੜੀਆਂ ਇਕ ਟਰੱਕ ਟਰੇਲਰ ‘ਚ ਮਿਲੇ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ 43 ਮੁੰਡੇ ਅਤੇ 14 ਕੁੜੀਆਂ ਟਰੱਕ ਟਰੇਲਰ ‘ਚ ਸਵਾਰ ਸਨ ਅਤੇ ਉਨ੍ਹਾਂ ਨਾਲ ਅੱਠ ਪੁਰਸ਼, ਇਕ ਔਰਤ ਅਤੇ ਉਸਦੀ ਧੀ ਵੀ ਸਵਾਰ ਸੀ। ਸਾਰੇ ਗੱਭਰੂ ਮੁੰਡੇ-ਕੁੜੀਆਂ ਇਕੱਲੇ ਸਨ, ਮਤਲਬ ਕਿ ਉਨ੍ਹਾਂ ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ ਸਨ। ਟੈਕਸਾਸ ਦੇ ਐਲ ਪਾਸੋ ਤੋਂ ਪਾਰ ਉੱਤਰੀ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾਣ ਵਾਲੇ ਹਾਈਵੇਅ ‘ਤੇ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ। ਜਾਂਚ ਮਗਰੋਂ ਗੱਡੀ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਨਾਬਾਲਗਾਂ ਨੂੰ ਬਾਲ ਕਲਿਆਣ ਕੇਂਦਰ ‘ਚ ਲਿਜਾਇਆ ਗਿਆ। ਬਾਕੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੱਚਿਆਂ ਦੀ ਅਕਸਰ ਮੈਕਸੀਕੋ ਰਾਹੀਂ ਤਸਕਰੀ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਮਾਪਿਆਂ ਜਾਂ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ ਜਾ ਸਕੇ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਚਲੇ ਗਏ ਹਨ।